ਅਫਰੀਕੀ ਦੇਸ਼ਾਂ ਨੇ ਕਿਹਾ, ਮਾਫੀ ਮੰਗੇ ਟਰੰਪ

ਜੋਹਾਨਸਬਰਗ, 13 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਪਿਛਲੇ ਕੁਝ ਦਿਨਾਂ ਤੋਂ ਟਰੰਪ ਆਪਣੀਆਂ ਟਿੱਪਣੀਆਂ ਕਾਰਨ ਵਿਵਾਦਾਂ ਵਿੱਚ ਫਸੇ ਹੋਏ ਹਨ। ਇਸ ਵਾਰ ਉਨ੍ਹਾਂ ਨੇ ਅਫਰੀਕਾ ਨੂੰ ਲੈ ਕੇ ਟਿੱਪਣੀ ਕੀਤੀ ਹੈ ਜਿਸ ਲਈ ਦੁਨੀਆ ਭਰ ਵਿੱਚ ਉਨ੍ਹਾਂ ਦੀ ਨਿਖੇਧੀ ਹੋ ਰਹੀ ਹੈ। ਗੁੱਸੇ ਵਿੱਚ ਭੜਥੇ ਹੋਏ ਅਫਰੀਕੀ ਦੇਸ਼ਾਂ ਦੇ ਪ੍ਰਤੀਨਿਧੀ ਸੰਗਠਨਾਂ ਵੱਲੋਂ ਅਮਰੀਕੀ ਰਾਸ਼ਟਰਪਤੀ ਤੋਂ ਮੁਆਫੀ ਦੀ ਮੰਗ ਕੀਤੀ ਜਾ ਰਹੀ ਹੈ। ਇਨ੍ਹਾਂ ਅਫਰੀਕੀ ਸੰਗਠਨਾਂ ਨੇ ਟਰੰਪ ਦੀ ਟਿੱਪਣੀ ਤੇ ਹੈਰਾਨੀ ਦੇ ਨਾਲ ਗੁੱਸਾ ਜ਼ਾਹਿਰ ਕੀਤਾ ਅਤੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਅਫਰੀਕੀਆਂ ਨੂੰ ਗਲਤ ਸਮਝਿਆ ਹੈ। ਟਰੰਪ 'ਤੇ ਦੋਸ਼ ਹੈ ਕਿ ਓਵਲ ਆਫਿਸ ਵਿੱਚ ਪ੍ਰਵਾਸ ਨੀਤੀ 'ਤੇ ਇੱਕ ਬੈਠਕ ਦੌਰਾਨ ਉਨ੍ਹਾਂ ਨੇ ਅਫਰੀਕੀ ਮਹਾਂਦੀਪ, ਹੈਤੀ ਅਤੇ ਐਲ ਸਲਵਾਡੋਰ ਵਰਗੇ ਦੇਸ਼ਾਂ ਲਈ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਹਾਲਾਂਕਿ ਟਰੰਪ ਨੇ ਇਸ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹੈਤੀ ਦੇ ਲੋਕਾਂ ਦਾ ਅਪਮਾਨ ਨਹੀਂ ਕੀਤਾ। ਪਰ ਉਸ ਬੈਠਕ ਵਿੱਚ ਮੌਜੂਦ ਹੋਣ ਦਾ ਦਾਅਵਾ ਕਰਨ ਵਾਲੇ ਡੈਮੋਕ੍ਰੇਟਿਕ ਸੀਨੇਟਰ ਡਿਕ ਡਰਬਿਨ ਨੇ ਕਿਹਾ ਸੀ ਕਿ ਟਰੰਪ ਨੇ ਅਫਰੀਕੀ ਦੇਸ਼ਾਂ ਨੂੰ ''ਸ਼ਿਟਹੋਲਸ'' ਕਿਹਾ ਸੀ ਅਤੇ ਉਨ੍ਹਾਂ ਲਈ ਨਸਲੀ ਭਾਸ਼ਾ ਦੀ ਵਰਤੋਂ ਕੀਤੀ ਸੀ ਅਤੇ ਇੱਕ ਵਾਰ ਨਹੀਂ ਕਈ ਵਾਰ ਇਨ੍ਹਾਂ ਸ਼ਬਦਾਂ ਦੀ ਵਰਤੋਂ ਕੀਤੀ ਸੀ। ਜਦਕਿ ਬੈਠਕ 'ਚ ਮੌਜੂਦ ਹੋਰ 2 ਰਿਪਬਲਿਕਨ ਨੇਤਾਵਾਂ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੀ ਟਿੱਪਣੀ ਬਾਰੇ ਵਿੱਚ ਯਾਦ ਨਹੀਂ ਹੈ। ਰਾਸ਼ਟਰਪਤੀ ਟਰੰਪ ਨੇ ਟਵਿੱਟਰ ਜ਼ਰੀਏ ਇਸ ਪੂਰੇ ਵਿਵਾਦ 'ਤੇ ਰੋਕ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਕੋਈ ਸ਼ਬਦ ਨਹੀਂ ਵਰਤਿਆ। ਆਪਣੇ ਟਵੀਟ ਵਿੱਚ ਉਨ੍ਹਾਂ ਕਿਹਾ ਕਿ ਬੈਠਕ ਵੇਲੇ ਉਨ੍ਹਾਂ ਦਾ ਲਹਿਜ਼ਾ ਸਖਤ ਸੀ ਪਰ ਜਿਸ ਸ਼ਬਦ ਲਈ ਉਨ੍ਹਾਂ ਉੱਤੇ ਦੋਸ਼ ਲਾਇਆ ਜਾ ਰਿਹਾ ਹੈ, ਉਨ੍ਹਾਂ ਨੇ ਉਸ ਦੀ ਵਰਤੋਂ ਨਹੀਂ ਕੀਤੀ।

ਹੋਰ ਖਬਰਾਂ »