ਲੋਕਾਂ ’ਚ ਮਚੀ ਹਫੜਾ-ਤਫੜੀ, ਪ੍ਰਸ਼ਾਸਨ ਨੇ ਮੰਗੀ ਮਾਫੀ

ਹਵਾਈ, 14 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਹਵਾਈ ਸੂਬੇ ਵਿੱਚ ਮਿਜਾਈਲ ਹਮਲੇ ਦੇ ਅਲਾਰਮ ਨੇ ਹਫੜਾ-ਤਫੜਾ ਦਾ ਮਾਹੌਲ ਬਣਾ ਦਿੱਤਾ। ਹਾਲਾਂਕਿ ਬਾਅਦ ਵਿੱਚ ਪਤਾ ਲੱਗਾ ਕਿ ਇਹ ਅਲਾਰਮ ਗ਼ਲਤ ਬਟਣ ਦਬਣ ਕਾਰਨ ਵੱਜ ਗਿਆ ਸੀ, ਪਰ ਇਸ ਨੇ ਲੋਕਾਂ ਦੀ ਜਾਨ ਮੁੱਠੀ ਵਿੱਚ ਲੈ ਆਂਦੀ।

ਸਟੇਟ ਗਵਰਨਰ ਨੇ ਮੁਆਫੀ ਮੰਗਦੇ ਹੋਏ ਕਿਹਾ ਕਿ ਇਹ ਸਥਿਤੀ ਇੱਕ ਕਰਮਚਾਰੀ ਦੇ ਗ਼ਲਤ ਬਟਣ ਦਬਾਉਣ ਕਾਰਨ ਪੈਦਾ ਹੋਈ, ਪਰ ਅਮਰੀਕਾ ਦੀ ਉਤਰ ਕੋਰੀਆ ਨਾਲ ਚੱਲ ਰਹੀ ਖਿੱਚੋਤਾਣ ਦੇ ਵਿਚਕਾਰ ਮਿਜਾਈਲ ਹਮਲੇ ਦੇ ਅਲਾਰਮ ਨੂੰ ਲੋਕਾਂ ਨੇ ਸੱਚ ਸਮਝ ਲਿਆ। ਹਵਾਈ ਦੇ ਲੋਕਾਂ ਨੂੰ ਮੋਬਾਈਲ ’ਤੇ ਮੈਸੇਜ ਮਿਲਿਆ, ਜਿਸ ਵਿੱਚ ਲਿਖਿਆ ਸੀ ਕਿ ਹਵਾਈ ਵਿੱਚ ਬੈਲਿਸਟਿਕ ਮਿਜਾਈਲ ਹਮਲੇ ਦਾ ਖ਼ਤਰਾ ਹੈ। ਜਲਦ ਤੋਂ ਜਲਦ ਸੁਰੱਖਿਅਤ ਥਾਵਾਂ ’ਤੇ ਪਹੁੰਚੋ। ਇਹ ਅਭਿਆਸ ਨਹੀਂ ਹੈ। ਰੇਡੀਓ ਅਤੇ ਟੀਵੀ ’ਤੇ ਵੀ ਇਹੀ ਅਲਰਟ ਬਰਾਡਕਾਸਟ ਹੋਇਆ। ਉੱਤਰ ਕੋਰੀਆ ਦੇ ਮਿਜਾਈਲ ਹਮਲੇ ਦੀਆਂ ਧਮਕੀਆਂ ਕਾਰਨ ਹਵਾਈ ਨੂੰ ਸੰਵੇਦਨਸ਼ੀਲ ਮੰਨਦੇ ਹੋਏ ਇਹ ਅਲਰਟ ਸਿਸਟਮ ਤਿਆਰ ਕੀਤਾ ਗਿਆ ਸੀ। ਦਸੰਬਰ ਵਿੱਚ ਅਮਰੀਕਾ ਨੇ ਪ੍ਰਮਾਣੂ ਹਮਲੇ ਦੇ ਸਾਈਰਨ ਦੀ ਟੈਸਟਿੰਗ ਵੀ ਕੀਤੀ ਸੀ। ਅਜਿਹਾ ਸੀਤ ਯੁੱਧ ਦੇ ਖਤਮ ਹੋਣ ਬਾਅਦ ਪਹਿਲੀ ਵਾਰ ਹੋਇਆ ਸੀ।

ਗਵਰਨਰ ਨੇ ਦੱਸਿਆ ਕਿ ਸਟੇਟ ਐਮਰਜੰਸੀ ਮੈਨੇਜਮੈਂਟ ਏਜੰਸੀ ਵੱਲੋਂ ਇਹ ਗ਼ਲਤ ਕਿਸੇ ਸ਼ਿਫ਼ਟ ਦੇ ਬਦਲੇ ਜਾਣ ਦੌਰਾਨ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ਿਫ਼ਟ ਚੇਂਜ ਕਰਨ ਦੌਰਾਨ ਇੱਕ ਪ੍ਰਕਿਰਿਆ ਦੇ ਤਹਿਤ ਸਾਰੇ ਸਿਸਟਮ ਨੂੰ ਚੈਕ ਕੀਤਾ ਜਾਂਦਾ ਹੈ। ਇਸੇ ਦੌਰਾਨ ਕਿਸੇ ਕਰਮਚਾਰੀ ਨੇ ਗ਼ਲਤ ਬਟਣ ਦਬਾ ਦਿੱਤਾ।

ਅਲਾਰਮ ਵੱਜਦੇ ਹੀ ਹਵਾਈ ਵਿੱਚ ਰਹਿਣ ਵਾਲੇ ਅਤੇ ਉੱਥੇ ਛੁੱਟੀਆਂ ਮਨਾਉਣ ਗਏ ਲੋਕਾਂ ਵਿੱਚ ਅਫਰਾ-ਤਫ਼ਰਾ ਮਚ ਗਈ। ਇਕ ਨਿਵਾਸੀ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਅਤੇ ਪਤਨੀ ਨੂੰ ਲੈ ਕੇ ਬਾਥਰੂਮ ਵਿੱਚ ਛੁਪ ਗਿਆ ਅਤੇ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਕਰੇ।

ਦੱਸ ਦੇਈਏ ਕਿ ਉਤਰ ਕੋਰੀਆ ਦਾ ਮਿਜਾਈਲ ਅਤੇ ਪ੍ਰਮਾਣੂ ਪ੍ਰੋਗਰਾਮ ਅਮਰੀਕਾ ਲਈ ਇੱਕ ਖ਼ਤਰੇ ਦੇ ਰੂਪ ਵਿੱਚ ਸਾਹਮਣੇ ਆਇਆ ਹੈ। ਹਵਾਈ ਅਮਰੀਕਾ ਦਾ ਅਜਿਹਾ ਸੂਬਾ ਹੈ, ਜੋ ਉੱਤਰ ਕੋਰੀਆ ਦੇ ਸਭ ਤੋਂ ਨੇੜੇ ਹੈ। ਸਤੰਬਰ ਵਿੱਚ ਉਤਰ ਕੋਰੀਆ ਨੇ 6ਵਾਂ ਪ੍ਰਮਾਣੂ ਟੈਸਟ ਕੀਤਾ ਸੀ। ਪਿਛਲੇ ਮਹੀਨੇ ਸਟਾਰ ਐਡਵਰਟਾਈਜ਼ਰ ਨੇ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਉਤਰ ਕੋਰੀਆ ਤੋਂ ਦਾਗੀ ਗਈ ਮਿਜਾਈਲ ਹਵਾਈ ਟਾਪੂਆਂ ਵਿੱਚ 20 ਮਿੰਟ ਵਿੱਚ ਪਹੁੰਚ ਸਕਦੀ ਹੈ।

ਹੋਰ ਖਬਰਾਂ »