ਬਠਿੰਡਾ, 10 ਫ਼ਰਵਰੀ (ਹ.ਬ.) : ਸਿਰਸਾ ਦੇ ਡੇਰੇ ਤੋਂ ਗਾਇਬ ਹੋਈ ਨਕਦੀ ਬਠਿੰਡਾ ਅਤੇ ਚੰਡੀਗੜ੍ਹ ਵਿਚ ਸੁਰੱਖਿਅਤ ਹੈ। ਡੇਰੇ ਤੋਂ ਨਕਦੀ ਗਾਇਬ ਕਰਨ ਵਿਚ ਇਕ ਕਾਂਗਰਸੀ ਨੇਤਾ ਦਾ ਅਹਿਮ ਰੋਲ ਦੱਸਿਆ ਜਾ ਰਿਹਾ ਹੈ। ਡੇਰੇ ਨਾਲ ਜੁੜੇ ਖੁਫ਼ੀਆ ਸੂਤਰਾਂ ਦੇ ਮੁਤਾਬਕ ਜਦ ਪੰਚਕੂਲਾ ਦੀ ਅਦਾਲਤ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਸਜ਼ਾ ਸੁਣਾਈ ਤਾਂ ਬਠਿੰਡਾ ਨਾਲ ਸਬੰਧਤ ਇਕ ਕਾਂਗਰਸੀ ਨੇਤਾ ਸਿੱਧਾ ਡੇਰੇ ਵਿਚ ਆਇਆ। ਉਥੇ ਕਰੀਬ ਦੋ ਦਿਨ ਰੁਕਣ ਤੋਂ ਬਾਅਦ ਡੇਰੇ ਵਿਚ ਰੱਖੇ ਸਾਰੇ ਕੈਸ਼ ਨੂੰ ਕਰੀਬ ਚਾਰ ਵਾਹਨਾਂ ਵਿਚ ਭਰ ਕੇ ਅਲੱਗ ਅਲੱਗ ਜਗ੍ਹਾ ਲੈ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਉਸ ਕਾਂਗਰਸੀ ਨੇਤਾ ਇਹ ਕੈਸ਼ ਅਪਣੇ ਕਿਸੇ ਜਾਣਕਾਰ ਤੀਜੇ ਸ਼ਖ਼ਸ ਦੇ ਕੋਲ ਰੱਖਿਆ ਹੋਇਆ ਹੈ।  ਦੋ ਹਿੱਸਿਆਂ ਵਿਚ ਰੱਖੇ ਇਸ ਕੈਸ਼ ਦੀ ਬਠਿੰਡਾ ਅਤੇ ਚੰਡੀਗੜ੍ਹ ਵਿਚ ਉਹ ਸ਼ਖ਼ਸ ਹੀ ਨਿਗਰਾਨੀ ਕਰ ਰਿਹਾ ਹੈ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਡੇਰਾ ਮੁਖੀ ਨੂੰ ਜੇਲ੍ਹ ਵਿਚ ਛੱਡਣ ਤੋਂ ਬਾਅਦ ਡੇਰਾ ਮੁਖੀ ਦੀ ਮੂੰਹਬੋਲੀ ਧੀ ਹਨੀਪ੍ਰੀਤ ਉਸੇ ਕਾਂਗਰਸੀ ਨੇਤਾ ਦੇ ਨਾਲ ਡੇਰੇ ਵਿਚ ਆਈ ਸੀ। ਹਨੀਪ੍ਰੀਤ ਇੱਥੇ ਇਕ ਦਿਨ ਰੁਕੀ ਅਤੇ ਦੂਜੇ ਦਿਨ ਉਹ ਕਾਗਜ਼ਾਤ ਅਤੇ ਨਕਦੀ ਭਰ ਕੇ ਬਠਿੰਡਾ ਨਾਲ ਸਬੰਧਤ ਇਕ ਸ਼ਖ਼ਸ ਦੇ ਨਾਲ ਸਭ ਤੋਂ ਪਹਿਲਾਂ ਡੇਰਾ ਮੁਖੀ ਦੇ ਪਿੰਡ ਗੁਰੂਸਰਮੋਡੀਆ ਵਿਚ ਗਈ ਸੀ। ਉਥੋਂ ਉਸ ਨੇ ਕੁਝ ਹੋਰ ਨਕਦੀ ਖੁਦ ਲਈ। ਉਸ ਤੋਂ ਬਾਅਦ ਉਹ ਕਾਂਗਰਸੀ ਨੇਤਾ ਦੇ ਇਸ਼ਾਰੇ 'ਤੇ ਬਠਿੰਡਾ ਦੇ ਦੋ ਵਿਭਿੰਨ ਪਿੰਡਾਂ ਵਿਚ ਕੁਝ ਦਿਨਾਂ ਤੱਕ ਰਹੀ। ਜਦ ਉਸ ਨੂੰ ਅਪਣੀ ਗ੍ਰਿਫ਼ਤਾਰੀ ਦਾ ਡਰ ਸਤਾਉਣ ਲੱਗਾ ਤਾਂ ਉਹ ਬਠਿੰਡਾ ਤੋਂ ਨਿਕਲ ਗਈ। ਹਰਿਆਣਾ ਪੁਲਿਸ ਦੀ ਜਿਹੜੀ ਐਸਆਈਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਸ ਨੇ ਉਕਤ ਕਾਂਗਰਸੀ ਨੇਤਾ ਨੂੰ ਜਾਂਚ ਵਿਚ ਸ਼ਾਮਲ ਕਰਨ ਦੀ ਤਿਆਰੀ ਕਰ ਲਈ ਹੈ।  ਸੂਤਰਾਂ ਨੇ ਦੱਸਿਆ ਕਿ  ਕਾਂਗਰਸੀ ਨੇਤਾ ਕੋਲੋਂ ਪੰਚਕੂਲਾ ਪੁਲਿਸ ਨੇ ਪੁਛਗਿੱਛ ਕੀਤੀ ਸੀ। 

ਹੋਰ ਖਬਰਾਂ »