ਮੌੜ ਮੰਡੀ ਬੰਬ ਧਮਾਕੇ ਦੇ ਤਾਰ ਡੇਰਾ ਸਿਰਸਾ ਨਾਲ ਜੁੜੇ, ਬੰਬ ਧਮਾਕੇ 'ਚ ਹਨੀਪ੍ਰੀਤ ਦੀ ਭੂਮਿਕਾ ਵੀ ਸ਼ੱਕੀ

ਮੌੜ ਮੰਡੀ, 11 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਸਾਧਵੀਆਂ ਨਾਲ ਬਲਾਤਕਾਰ ਦੇ ਦੋਸ਼ਾਂ 'ਚ 20 ਸਾਲ ਜੇਲ• ਦੀ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਉੱਤੇ ਹੁਣ ਬਠਿੰਡਾ ਬੰਬ ਧਮਾਕੇ ਨਾਲ ਵੀ ਜੁੜੇ ਹੋਣ ਦਾ ਖੁਲਾਸਾ ਹੋਇਆ ਹੈ। 31 ਜਨਵਰੀ 2017 ਨੂੰ ਬਠਿੰਡਾ ਦੇ ਮੌੜ ਮੰਡੀ 'ਚ ਕਾਰ ਬੰਬ ਦੇ ਜਰੀਏ ਕੀਤੇ ਗਏ ਧਮਾਕੇ ਦੀ ਸਾਜਿਸ਼ ਰਚਣ ਦੇ ਇਲਜ਼ਾਮ ਵਿੱਚ ਰਾਮ ਰਹੀਮ ਦੇ ਤਿੰਨ ਸਮਰਥਕਾਂ ਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਮੁਲਜ਼ਮ ਬਣਾਇਆ ਗਿਆ ਹੈ। ਮੁਲਜ਼ਮ ਬਣਾਏ ਗਏ ਵਿਅਕਤੀਆਂ ਵਿੱਚ ਰਾਮ ਰਹੀਮ ਦੀਆਂ ਫ਼ਿਲਮਾਂ ਵਿੱਚ ਬਲਾਸਟ ਸੀਨ ਡਾਇਰੈਕਟ ਕਰਨ ਵਾਲਾ ਅਵਤਾਰ ਸਿੰਘ ਉਰਫ ਤਾਰੀ ਵੀ ਸ਼ਾਮਲ ਹੈ। ਜਿਸ ਨੇ ਮੌੜ ਮੰਡੀ ਕਾਰ ਬੰਬ ਕਾਂਡ ਵਿਚ ਵਰਤੇ ਜਾਣ ਵਾਲੇ ਬੰਬ ਦਾ ਨਿਰਮਾਣ ਕੀਤਾ ਸੀ।
ਮੌੜ ਮੰਡੀ ਬੰਬ ਧਮਾਕੇ ਦੇ ਕੇਸ 'ਚ ਹਨੀਪ੍ਰੀਤ ਅਤੇ ਰਾਮ ਰਹੀਮ ਨੂੰ ਪੰਜਾਬ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਮੌੜ ਮੰਡੀ ਬੰਬ ਧਮਾਕਾ ਮਾਮਲੇ ਦੇ ਤਾਰ ਸਿੱਧਾ ਡੇਰਾ ਸਿਰਸਾ ਨਾਲ ਜੁੜਨ ਨੂੰ ਲੈ ਕੇ ਖੁਫੀਆ ਏਜੰਸੀਆਂ ਪੂਰੀ ਤਰ•ਾਂ ਚੌਕਸ ਹੋ ਚੁੱਕੀਆਂ ਹਨ। ਪੁਲਿਸ ਵਿਭਾਗ ਦੇ ਹੱਥ ਕੁਝ ਅਜਿਹੇ ਸੁਰਾਗ ਲੱਗੇ ਹਨ, ਜਿਸ ਵਿਚ ਹਨੀਪ੍ਰੀਤ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ। ਐੱਸ.ਆਈ.ਟੀ. ਨੂੰ ਮਿਲੇ ਸਬੂਤਾਂ ਵਿਚ ਜਦੋਂ ਮੌੜ ਮੰਡੀ ਬਲਾਸਟ ਲਈ ਵਰਕਸ਼ਾਪ ਵਿਚ ਕਾਰ ਨੂੰ ਤਿਆਰ ਕੀਤਾ ਜਾ ਰਿਹਾ ਸੀ ਤਾਂ ਹਨੀਪ੍ਰੀਤ ਦਾ ਉਥੇ ਆਉਣਾ-ਜਾਣਾ ਜਾਰੀ ਸੀ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਵੀ ਉਸਦੇ ਨਾਲ ਹੀ ਵਰਕਸ਼ਾਪ ਵਿਚ ਆਉਂਦਾ-ਜਾਂਦਾ ਰਹਿੰਦਾ ਸੀ। ਪੁਲਿਸ ਵਿਭਾਗ ਵੱਲੋਂ ਬਣਾਈ ਗਈ ਐੱਸ.ਆਈ.ਟੀ. ਜਲਦ ਹੀ ਡੇਰਾ ਮੁਖੀ ਅਤੇ ਹਨੀਪ੍ਰੀਤ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਪੰਜਾਬ ਲਿਆ ਕੇ ਪੁੱਛਗਿੱਛ ਕਰ ਸਕਦੀ ਹੈ।
ਡੇਰਾ ਮੁਖੀ ਦੇ ਸੁਰੱਖਿਆ ਕਰਮਚਾਰੀ ਅਮਰੀਕ ਸਿੰਘ ਦੀ ਵੀ ਇਸ ਮਾਮਲੇ ਵਿਚ ਨਿਭਾਈ ਅਹਿਮ ਭੂਮਿਕਾ ਸਬੰਧੀ ਪੁਲਿਸ ਦੇ ਹੱਥ ਕੁਝ ਸੁਰਾਗ ਲੱਗੇ ਹਨ, ਜਿਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪੁਲਿਸ ਲਈ ਡੇਰੇ ਦੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਕਾਲਾ ਦੀ ਗ੍ਰਿਫ਼ਤਾਰੀ ਅਹਿਮ ਹੈ ਜੋ ਡੱਬਵਾਲੀ ਦੇ ਪਿੰਡ ਆਲੀਕੇ ਦਾ ਰਹਿਣ ਵਾਲਾ ਹੈ। ਇਸ ਨੇ ਹੀ ਕਬਾੜ ਵਿਚੋਂ ਖਰੀਦੀ ਗਈ ਮਾਰੂਤੀ ਕਾਰ ਦੀ ਡੈਂਟਿੰਗ-ਪੇਂਟਿੰਗ ਕਰਵਾਈ ਸੀ। ਪੁਲਿਸ ਪ੍ਰਸ਼ਾਸਨ ਨੇ ਇਨ•ਾਂ ਦੋਵਾਂ ਦੀ ਗ੍ਰਿਫਤਾਰੀ ਲਈ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚ ਕੁਝ ਟੀਮਾਂ ਭੇਜ ਕੇ ਛਾਪੇਮਾਰੀ ਕੀਤੀ ਹੈ ਪਰ ਹਾਲੇ ਤੱਕ ਉਸਦੇ ਹੱਥ ਦੋਵਾਂ ਵਿਚੋਂ ਕੋਈ ਨਹੀਂ ਲੱਗਾ ਹੈ। ਐੱਸ.ਆਈ.ਟੀ. ਦਾ ਕਹਿਣਾ ਹੈ ਕਿ ਇਨ•ਾਂ ਦੋਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਅੱਗੇ ਦਾ ਪਤਾ ਲੱਗੇਗਾ। ਡੇਰੇ 'ਚ ਆਖਿਰ ਆਰ.ਡੀ.ਐਕਸ. ਕਿਵੇਂ ਪਹੁੰਚਿਆ, ਇਸ ਸਬੰਧੀ ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਲਗਾਤਾਰ ਸੰਪਰਕ ਬਣਾ ਰੱਖਿਆ ਹੈ ਅਤੇ ਤੇਜ਼ੀ ਨਾਲ ਇਸਦੀ ਜਾਂਚ ਕੀਤੀ ਜਾ ਰਹੀ ਹੈ। ਹਰਿਆਣਾ ਪੁਲਿਸ ਨੇ ਵੀ ਇਸ ਮਾਮਲੇ ਨੂੰ ਲੈ ਕੇ ਇਕ ਐੱਸ.ਆਈ.ਟੀ. ਗਠਤ ਕੀਤੀ ਹੈ।
 

ਹੋਰ ਖਬਰਾਂ »