ਘਨੌਰ, 12 ਫ਼ਰਵਰੀ (ਹ.ਬ.) : ਘਨੌਰ ਅੰਬਾਲਾ ਰੋਡ 'ਤੇ ਗੁਰਦੁਆਰਾ ਸਾਹਿਬ ਭਗਤ ਧੰਨਾ ਜੀ ਨੇੜੇ ਪੰਚੀ ਦਰੇ ਦੇ ਪੁਲ ਕੋਲ ਐਤਵਾਰ ਸਵੇਰੇ  ਦਸ ਵਜੇ ਇਕ ਸੈਂਟਰੋ ਕਾਰ ਬੇਕਾਬੂ ਹੋ ਕੇ ਨਰਵਾਣਾ ਬਰਾਂਚ ਨਹਿਰ ਵਿਚ ਡਿੱਗ ਗਈ ਜਿਸ ਕਾਰਨ ਗੱਡੀ ਵਿਚ ਸਵਾਰ ਦੋ ਨੌਜਵਾਨ ਡੁੱਬ ਗਏ। ਮੌਕੇ 'ਤੇ ਪੁੱਜੀ ਪੁਲਿਸ ਵਲੋਂ ਗੋਤਾਖੋਰਾਂ ਤੇ ਕਰੇਨ ਦੀ ਮਦਦ ਨਾਲ ਇਕ ਨੌਜਵਾਨ ਦੀ ਲਾਸ਼ ਅਤੇ ਕਾਰ ਨੂੰ ਨਹਿਰ ਵਿਚੋਂ ਕੱਢ ਲਿਆ ਗਿਆ ਪਰ ਦੂਜੇ ਨੌਜਵਾਨ ਦੀ ਭਾਲ ਜਾਰੀ ਹੈ।
ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਜਦੋਂ ਕਾਰ ਨਹਿਰ ਵਿਚ ਡਿੱਗੀ ਤਾਂ ਇਕ ਵਿਅਕਤੀ ਕਾਰ ਦਾ ਸ਼ੀਸ਼ਾ ਤੋੜ ਕੇ ਕਾਰ ਵਿਚੋਂ ਬਾਹਰ ਆ ਗਿਆ ਅਤੇ ਤੈਰਨ ਦੀ ਕੋਸ਼ਿਸ਼ ਕੀਤੀ ਪਰ ਉਹ ਤੇਜ਼ ਵਾਹਅ ਕਾਰਨ ਅੱਗੇ ਜਾ ਕੇ ਡੁੱਬ ਗਿਆ।  ਸੂਚਨਾ ਮਿਲਣ 'ਤੇ ਪੁਲਿਸ ਪਹੁੰਚ ਗਈ। ਗੋਤਾਖੋਰਾਂ ਤੇ ਕਰੇਨ ਦੀ ਮਦਦ ਨਾਲ ਇੱਕ ਨੌਜਵਾਨ ਦੀ ਲਾਸ਼ ਨੂੰ ਕੱਢਿਆ।
ਨੌਜਵਾਨ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਕਾਜੀਵਾੜਾ ਅੰਬਾਲਾ ਵਜੋਂ ਹੋਈ ਹੈ ਜਦ ਕਿ ਦੂਜੇ ਨੌਜਵਾਨ ਵਿਕਾਸ ਅਨੰਦ ਵਾਸੀ ਕਾਂਗਰਸ ਭਵਨ ਰੋਡ ਅੰਬਾਲਾ ਦੀ ਭਾਲ ਜਾਰੀ ਹੈ। ਪੁਲਿਸ ਨੇ ਮੌਕੇ 'ਤੇ ਬਣਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਰਾਜਪੁਰਾ ਭੇਜ ਦਿੱਤਾ ਹੈ।

ਹੋਰ ਖਬਰਾਂ »