ਪੰਚਕੂਲਾ, 15 ਫ਼ਰਵਰੀ (ਹ.ਬ.) : ਮਹਾਰਾਜਾ ਯਾਦਵਿੰਦਰ ਗਾਰਡਨ ਦੇ ਇੱਕ ਐਕਵਾ ਵਿਲੇਜ ਵਿਚ ਗੋ ਕਾਰਟਿੰਗ ਕਰਦੇ ਸਮੇਂ ਮਹਿਲਾ ਦੇ ਵਾਲ ਟਾਇਰ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਘਟਨਾ ਬੁੱਧਵਾਰ ਦੁਪਹਿਰ ਬਾਅਦ ਕਰੀਬ ਦੋ ਵਜੇ ਦੀ ਹੈ। ਗੋ ਕਾਰਟ ਦੇ ਪਿਛਲੇ ਹਿੱਸੇ ਵਿਚ ਵਾਲ ਫਸਣ ਕਾਰਨ ਪੁਨੀਤ ਕੌਰ (29) ਦੇ ਸਿਰ ਦਾ ਉਪਰਲਾ ਹਿੱਸਾ ਪੂਰੀ ਤਰ੍ਹਾਂ ਉਖੜ ਗਿਆ। ਘਟਨਾ ਤੋਂ ਬਾਅਦ ਆਸ ਪਾਸ ਦੇ ਲੋਕਾਂ ਦਾ ਦਿਲ ਦਹਿਲ ਗਿਆ। ਬਠਿੰਡਾ ਦੇ ਰਾਮਪੁਰਾ ਫੂਲ ਨਿਵਾਸੀ ਮਹਿਲਾ ਅਪਣੇ ਪਤੀ, ਬੇਟੇ ਅਤੇ ਕੁਝ ਰਿਸ਼ਤੇਦਾਰਾਂ ਨਾਲ ਪਿੰਜੌਰ ਗਾਰਡਨ ਵਿਚ ਘੁੰਮਣ ਆਈ ਸੀ। ਦੇਰ ਰਾਤ ਕਰੀਬ 11 ਵਜੇ ਇਸ ਮਾਮਲੇ ਵਿਚ ਸੰਚਾਲਕ 'ਤੇ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ। ਪੁਲਿਸ ਸੁਰੱਖਿਆ ਇੰਤਜ਼ਾਮਾਂ ਦੀ ਜਾਂਚ ਵਿਚ ਜੁਟ ਗਈ ਹੈ।
ਪੀੜਤ ਪਰਿਵਾਰ ਕੈਨੇਡਾ ਤੋਂ ਆਏ ਅਪਣੇ ਇੱਕ ਰਿਸ਼ਤੇਦਾਰ ਦੇ ਨਾਲ ਘੁੰਮਣ ਆਇਆ ਸੀ। ਪੇਸ਼ੇ ਤੋਂ ਆੜ੍ਹਤੀ ਅਮਰਦੀਪ ਸਿੰਘ ਅਪਣੀ ਪਤਨੀ ਪੁਨੀਤ ਕੌਰ, ਡੇਢ ਸਾਲ ਦੇ ਬੇਟੇ ਅਤੇ ਹੋਰ ਰਿਸ਼ਤੇਦਾਰਾਂ ਦੇ ਨਾਲ ਟ੍ਰਿੰਬਲ ਟਰੇਲ ਤੋਂ ਪਰਤਦੇ ਸਮੇਂ ਪਿੰਜੌਰ ਗਾਰਡਨ ਪਹੁੰਚੇ। ਇੱਥੇ ਉਨ੍ਹਾਂ ਨੇ 6 ਲੋਕਾਂ ਦੇ ਲਈ ਚਾਰ ਗੋ ਕਾਰਟ ਕਿਰਾਏ 'ਤੇ ਲਈ। ਇਨ੍ਹਾਂ ਵਿਚੋਂ ਦੋ 'ਚ ਦੋ-ਦੋ ਜਦ ਕਿ ਹੋਰ ਦੋ ਵਿਚ ਇੱਕ ਇੱਕ ਵਿਅਕਤੀ ਸਵਾਰ ਹੋਏ।  ਪੁਨੀਤ ਕੌਰ ਅਤੇ ਉਨ੍ਹਾਂ ਦੇ ਪਤੀ ਅਮਰਦੀਪ ਸਿੰਘ ਇੱਕ ਹੀ ਗੋ ਕਾਰਟ ਵਿਚ ਸਵਾਰ ਹੋ ਗਏ। ਜਿਵੇਂ ਹੀ ਅਮਰਦੀਪ ਗੋ ਕਾਰਟ ਲੈ ਕੇ ਅੱਗੇ ਵਧੇ, ਇੱਕ ਰਾਊਂਡ ਪੂਰਾ ਹੋਣ ਤੋਂ ਪਹਿਲਾਂ ਹੀ ਅਚਾਨਕ ਪੁਨੀਤ ਕੌਰ ਦੇ ਵਾਲ ਫਸ ਗਏ। ਰਫਤਾਰ ਤੇਜ਼ ਹੋਣ ਕਾਰਨ ਇੱਕ ਹੀ ਝਟਕੇ ਵਿਚ ਪੁਨੀਤ ਦੇ ਵਾਲ ਸਿਰ ਤੋਂ ਪੂਰੀ ਤਰ੍ਹਾਂ ਅਲੱਗ ਹੋ ਗਏ। ਗੰਭੀਰ ਹਾਲਤ ਵਿਚ ਪੁਨੀਤ ਕੌਰ ਨੂੰ ਇੱਕ ਨਿੱਜੀ ਹਸਪਤਾਲ ਵਿਚ ਲੈ ਜਾਇਆ ਗਿਆ, ਉਥੋਂ ਪੰਚਕੂਲਾ ਸਿਵਲ ਹਪਸਤਾਲ ਰੈਫਰ ਕਰ ਦਿੱਤਾ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਅਮਰਦੀਪ ਦਾ ਵਿਆਹ ਤਿੰਨ ਸਾਲ ਪਹਿਲਾਂ ਸ੍ਰੀਗੰਗਾਨਗਰ ਦੀ ਪੁਨੀਤ ਕੌਰ ਨਾਲ ਹੋਇਆ ਸੀ।

ਹੋਰ ਖਬਰਾਂ »