ਸੈਨੇਟ ’ਚ ਉਨਟਾਰਿਓ ਦੀ ਨੁਮਾਇੰਦਗੀ ਕਰਨਗੇ ਮਾਰਥਾ ਡੀਕੋਨ ਅਤੇ ਰੌਬਰਟ ਬਲੈਕ

ਉਨਟਾਰਿਓ, 16 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋ ਹੋਰ ਨਵੇਂ ਸੈਨੇਟਰਾਂ ਨੂੰ ਆਪਣੀ ਸਰਕਾਰ ਦੇ ਉਪਰਲੇ ਸਦਨ (ਅੱਪਰ ਚੈਂਬਰ) ਵਿੱਚ ਮੈਂਬਰ ਨਿਯੁਕਤ ਕੀਤਾ ਹੈ। ਮਾਰਥਾ ਡੀਕੋਨ ਅਤੇ ਰੌਬਰਟ ਬਲੈਕ ਸੈਨੇਟ ਵਿੱਚ ਉਨਟਾਰਿਓ ਦੀ ਨੁਮਾਇੰਦਗੀ ਕਰਨਗੇ। ਪ੍ਰਧਾਨ ਮੰਤਰੀ ਦੇ ਦਫ਼ਤਰ ਅਨੁਸਾਰ ਮਾਰਥਾ ਡੀਕੋਨ ਉਲੰਪਿਕ ਅਤੇ ਕਾਮਨਵੈਲਥ ਖੇਡਾਂ ਵਿੱਚ ਟੀਮ ਕੈਨੇਡਾ ਲਈ ਸਿਖਾਂਦਰੂ (ਅਪਰੈਂਟਿਸ) ਕੋਚ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।  ਉਨ੍ਹਾਂ ਨੂੰ ਭਾਰਤ (ਦਿੱਲੀ) ਵਿੱਚ 2010 ’ਚ ਹੋਈਆਂ ਕਾਮਨਵੈਲਥ ਖੇਡਾਂ ਲਈ ਕੈਨੇਡਾ ਵੱਲੋਂ ਮਿਸ਼ਨ ਦਾ ਮੁਖੀ (ਸ਼ੈਫ ਡੀ ਮਿਸ਼ਨ) ਨਿਯੁਕਤ ਕੀਤਾ ਗਿਆ ਸੀ।

ਜਦਕਿ ਰੌਬਰਟ ਬਲੈਕ ਉਨਟਾਰਿਓ ਦੀ ਐਗਰੀਕਲਚਰ ਕਮਿਉਨਿਟੀ ਦੇ ਪ੍ਰਸਿੱਧ ਨੇਤਾ ਹਨ।  ਉਹ ਲੰਬੇ ਸਮੇਂ ਤੋਂ ਦੱਖਣ-ਪੱਛਮੀ ਉਨਟਾਰਿਓ ਦੇ ਵੈਲਿੰਗਟਨ ਕਾਉਂਟੀ ਵਿੱਚ ਰਹਿ ਰਹੇ ਹਨ। ਬਲੈਕ ਮੌਜੂਦਾ ਸਮੇਂ ਉਨਟਾਰਿਓ ਦਿਹਾਤੀ ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ। ਇਹ ਸੰਸਥਾ ਉਨਟਾਰਿਓ ਦੇ ਦਿਹਾਤੀ ਅਤੇ ਉੱਤਰੀ ਭਾਈਚਾਰਿਆਂ ਦੇ ਸਲਾਹਕਾਰ ਕਮਿਉਨਿਟੀ ਲੀਡਰ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਰੌਬਰਟ ਬਲੈਕ 2014 ਵਿੱਚ ਵੈਲਿੰਗਟਨ ਕਾਉਂਟੀ ਕੌਂਸਲ ਲਈ ਕੌਂਸਲਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਸ ਦੀਆਂ ਜੜ੍ਹਾਂ ਦਿਹਾਤੀ ਖੇਤਰ ਨਾਲ ਜੁੜੀਆਂ ਹੋਈਆਂ ਹਨ। ਉਹ 4-ਐਚ ਕੈਨੇਡਾ ਦੇ ਵਲੰਟੀਅਰ ਅਤੇ ਉਨਟਾਰਿਓ ਦੇ ਪ੍ਰਸਿੱਧ ਐਗਰੀਕਲਚਰ ਹਾਲ ਦੇ ਬੋਰਡ ਮੈਂਬਰ ਵੀ ਹਨ। ਟਰੂਡੋ ਦੇ ਦਫ਼ਤਰ ਮੁਤਾਬਕ ਸੈਨੇਟ ਵਿੱਚ ਖਾਲੀ ਅਸਾਮੀਆਂ ਭਰਨ ਲਈ ਗਵਰਨਰ ਜਨਰਲ ਬਲੈਕ ਅਤੇ ਡੀਕੋਨ ਦੀ ਪਹਿਲਾਂ ਹੀ ਨਿਯੁਕਤੀ ਕਰ ਚੁੱਕੇ ਹਨ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਨਵੇਂ ਮੈਂਬਰਾਂ ਦਾ ਸੈਨੇਟ ਵਿੱਚ ਸਵਾਗਤ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਮਾਰਥਾ ਡੀਕੋਨ ਅਤੇ ਰੌਬਰਟ ਬਲੈਕ ਦੇ ਗਿਆਨ ਅਤੇ ਤਜ਼ਰਬੇ ਰਾਹੀਂ ਸੰਸਦ ਨੂੰ ਲਾਭ ਮਿਲੇਗਾ ਅਤੇ ਇਹ ਦੋਵੇਂ ਆਪਣੇ ਖੇਤਰ ਅਤੇ ਭਾਈਚਾਰਿਆਂ ਲਈ ਵਧੀਆ ਰਾਜਦੂਤ ਸਿੱਧ ਹੋਣਗੇ। ਉਨਟਾਰਿਓ ਦੀ ਪ੍ਰੀਮੀਅਰ ਕੈਥਲਿਨ ਵਿਨ ਨੇ ਵੀ ਬਲੈਕ ਅਤੇ ਡੀਕੋਨ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ। ਕੈਥਲੀਨ ਨੇ ਕਿਹਾ ਕਿ ਮੈਨੂੰ ਆਸ ਹੈ ਕਿ ਉਹ ਦੋਵੇਂ ਸੈਨੇਟ ਵਿੱਚ ਉਨਟਾਰਿਓ ਦੀ ਨੁਮਾਇੰਦਗੀ ਲਈ ਵਧੀਆ ਸੇਵਾਵਾਂ ਨਿਭਾਉਣਗੇ। 

ਹੋਰ ਖਬਰਾਂ »