ਹਵਾਈ ਸਫ਼ਰ ’ਚ ਬਚਣਗੇ ਢਾਈ ਘੰਟੇ

ਵਾਸ਼ਿੰਗਟਨ, 6 ਮਾਰਚ (ਹਮਦਰਦ ਨਿਊਜ਼ ਸਰਵਿਸ) : ਸਾਊਦੀ ਅਰਬ ਦੀ ਸਰਕਾਰ ਨੇ ਨਵੀਂ ਦਿੱਲੀ ਤੋਂ ਤੇਲ ਅਵੀਵ ਦੇ ਨਵੇਂ ਮਾਰਗ ਉੱਤੇ ਆਪਣੇ ਹਵਾਈ ਖੇਤਰ ਦੀ ਵਰਤੋਂ ਦੀ ਮਨਜੂਰੀ ਦੇ ਦਿੱਤੀ ਹੈ। ਇਸ ਨਵੇਂ ਮਾਰਗ ਨਾਲ ਦੋਵਾਂ ਸ਼ਹਿਰਾਂ ਦੇ ਵਿਚਕਾਰ ਲਗਭਗ ਢਾਈ ਘੰਟੇ ਦੇ ਸਫ਼ਰ ਦਾ ਸਮਾਂ ਘੱਟ ਹੋ ਜਾਵੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਵਾਸ਼ਿੰਗਟਨ ਵਿੱਚ ਹੋਈ ਮੁਲਾਕਾਤ ਤੋਂ ਬਾਅਦ ਇਜ਼ਰਾਈਲੀ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨੇਤਨਯਾਹੂ ਨੇ ਇਹ ਗੱਲ ਕਹੀ।

ਸਾਊਦੀ ਅਰਬ ਹਵਾਈ ਰੂਟ ਨਾਲ ਜਹਾਜਾਂ ਦੇ ਆਵਾਗਾਮਨ ਉੱਤੇ ਢਾਈ ਘੰਟੇ ਬਚਣਗੇ।

ਨਵੀਂ ਦਿੱਲੀ ਅਤੇ ਤੇਲ ਅਵੀਵ ਦੇ ਵਿਚਕਾਰ ਏਅਰ ਇੰਡੀਆ ਦੀ ਸਿੱਧੀ ਉਡਾਣ ਬਹੁਤ ਜਲਦ ਸ਼ੁਰੂ ਹੋਣ ਜਾ ਰਹੀ ਹੈ। ਹੁਣ ਤੱਕ ਸਾਊਦੀ ਅਰਬ ਨੇ ਕਿਸੇ ਵੀ ਦੇਸ਼ ਨਾਲ ਜਹਾਜਾਂ ਨੂੰ ਉਡਾਣ ਭਰਨ ਅਤੇ ਇਜ਼ਰਾਈਲ ਜਾਣ ਦੀ ਆਗਿਆ ਨਹੀਂ ਦਿੱਤੀ ਹੈ। ਜੇਕਰ ਸਾਊਦੀ ਅਰਬ ਇਜ਼ਰਾਈਲ ਦੇ ਨਾਲ 70 ਸਾਲ ਪੁਰਾਣੀ ਹਵਾਈ ਮਾਰਗ ਪਾਬੰਦੀ ਹਟਾਉਂਦਾ ਹੈ ਤਾਂ ਇਹ ਦੋਵਾਂ ਮੁਲਕਾਂ ਦੇ ਵਿਚਕਾਰ ਸਬੰਧਾਂ ਦੀ ਇੱਕ ਨਵੀਂ ਸ਼ੁਰੂਆਤ ਵੀ ਹੋਵੇਗੀ। ਨੇਤਨਯਾਹੂ ਨੇ ਕਿਹਾ ਕਿ ਇਸ ਮਨਜੂਰੀ ਨਾਲ ਏਅਰ ਇੰਡੀਆ ਦੀ ਨਵੀਂ ਦਿੱਲੀ ਤੋਂ ਤੇਲ ਅਵੀਵ ਤੱਕ ਦੀ ਹਵਾਈ ਯਾਤਰਾ ਦਾ ਸਮਾਂ 7-8 ਘੰਟੇ ਤੋਂ ਘੱਟ ਕੇ ਲਗਭਗ ਸਾਢੇ ਪੰਜ ਘੰਟੇ ਤੱਕ ਦਾ ਹੀ ਰਹਿ ਜਾਵੇਗਾ। ਇਸ ਵਿਚਕਾਰ ਏਅਰ ਇੰਡੀਆ ਦੇ ਬੁਲਾਰੇ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਬਿਆਨ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਜੇ ਭਾਰਤੀ ਰੈਗੂਲੇਟਰ ਤੋਂ ਅਜਿਹੀ ਕੋਈ ਜਾਣਕਾਰੀ ਹਾਸਲ ਹੋਣਾ ਬਾਕੀ ਹੈ।

ਏਅਰ ਇੰਡੀਆ ਨੇ ਡਾਇਰੈਕਟਰ ਜਨਰਲ ਆਫ਼ ਸਿਵਲ ਐਵੀਏਸ਼ਨ ਨੂੰ ਭਾਰਤ-ਇਜ਼ਰਾਈਲ ਤੱਕ ਉਡਾਣ ਲਈ ਤਿੰਨ ਵਾਰ ਆਗਿਆ ਮੰਗੀ ਹੈ। ਹਾਲਾਂਕਿ ਇਜ਼ਰਾਈਲ ਅਤੇ ਸਾਊਦੀ ਅਰਬ ਵਿਚਕਾਰ ਫਿਲਹਾਲ ਕੋਈ ਕੂਟਨੀਤਕ ਰਿਸ਼ਤੇ ਨਹੀਂ ਹਨ, ਪਰ ਦੋਵੇਂ ਦੇਸ਼ ਅਮਰੀਕਾ ਨਾਲ ਨਜ਼ਦੀਕੀ ਸਬੰਧ ਰੱਖਦੇ ਹਨ। ਇਸ ਤੋਂ ਬਿਨਾ ਦੋਵੇਂ ਹੀ ਈਰਾਨ ਨੂੰ ਆਪਣਾ ਵਿਰੋਧੀ ਮੰਨਦੇ ਹਨ।

ਹੋਰ ਖਬਰਾਂ »