ਸੋਲ (ਦੱਖਣੀ ਕੋਰੀਆ), 6 ਮਾਰਚ (ਹਮਦਰਦ ਨਿਊਜ਼ ਸਰਵਿਸ) : ਉੱਤਰੀ ਅਤੇ ਦੱਖਣੀ ਕੋਰੀਆ ਨੇ ਅਗਲੇ ਮਹੀਨੇ ਦੇ ਅੰਤ ਵਿੱਚ ਗੱਲਬਾਤ ਕਰਨ ਉੱਤੇ ਸਹਿਮਤੀ ਪ੍ਰਗਟ ਕੀਤੀ ਹੈ। ਇਸ ਗੱਲਬਾਤ ਤੋਂ ਬਾਅਦ ਸੋਲ ਨੇ ਮੰਗਲਵਾਰ ਨੂੰ ਕਿਹਾ ਕਿ ਪਿਓਂਗਯਾਂਗ ਦਾ ਕਹਿਣਾ ਹੈ ਕਿ ਜੇਕਰ ਉਸ ਨੂੰ ਸੁਰੱਖਿਆ ਗਾਰੰਟੀ ਮਿਲੇ ਤਾਂ ਉਹ ਆਪਣੇ ਪ੍ਰਮਾਣੂ ਹਥਿਆਰ ਵੀ ਛੱਡਣ ਲਈ ਤਿਆਰ ਹੈ। ਪਿਓਂਗਯਾਂਗ ਵਿੱਚ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੂੰ ਕਿਹਾ ਕਿ ਜੇਕਰ ਉੱਤਰ ਕੋਰੀਆ ਨੂੰ ਮਿਲ ਰਹੀਆਂ ਧਮਕੀਆਂ ਦਾ ਹੱਲ ਕੱਢਿਆ ਜਾਵੇ ਅਤੇ ਉਨ੍ਹਾਂ ਦੇ ਦੇਸ਼ ਦੀ ਸੁਰੱਖਿਆ ਦੀ ਗਾਰੰਟੀ ਮਿਲੇ ਤਾਂ ਉਹ ਆਪਣੇ ਕੋਲ ਪ੍ਰਮਾਣੂ ਹਥਿਆਰ ਨਹੀਂ ਰੱਖਣਗੇ।

ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਉੱਤਰ ਕੋਰੀਆ ਨੇ ਪ੍ਰਮਾਣੂ ਹਥਿਆਰਾਂ ਅਤੇ ਮਿਜਾਈਲਾਂ ਦੇ ਪ੍ਰੀਖਣਾਂ ਉੱਤੇ ਰੋਕ ਲਗਾਉਣ ਉੱਤੇ ਸਹਿਮਤੀ ਪ੍ਰਗਟ ਕੀਤੀ ਹੈ। ਦੱਖਣੀ ਕੋਰੀਆ ਦੇ ਪ੍ਰੈਜੀਡੈਂਸ਼ਲ ਨੈਸ਼ਨਲ ਸਿਕਿਊਰਿਟੀ ਐਡਵਾਇਜ਼ਰ ਨੇ ਕਿਹਾ ਕਿ ਉਤਰੀ ਕੋਰੀਆ ਨੇ ਕਿਹਾ ਹੈ ਕਿ ਉਹ ਵਾਸ਼ਿੰਗਟਨ ਅਤੇ ਪਿਯੋਂਗਯਾਂਗ ਦੇ ਸਬੰਧਾਂ ਨੂੰ ਸੁਖਾਵੇਂ ਬਣਾਉਣ ਬਾਰੇ ਅਮਰੀਕਾ ਨਾਲ ਗੱਲ ਕਰਨ ਲਈ ਤਿਆਰ ਹੈ।  ਇਸ ਤੋਂ ਬਿਨਾ ਉਤਰੀ ਕੋਰੀਆ ਨੇ ਦੱਖਣੀ ਕੋਰੀਆ ਵਿਰੁੱਧ ਕਿਸੇ ਵੀ ਰਵਾਇਤੀ ਜਾਂ ਪ੍ਰਮਾਣੂ ਹਥਿਆਰ ਦੀ ਵਰਤੋਂ ਨਾ ਕਰਨ ਦਾ ਵਾਅਦਾ ਵੀ ਕੀਤਾ ਹੈ। ਦੋਵੇਂ ਦੇਸ਼ ਅਪ੍ਰੈਲ ਦੇ ਅੰਤ ਵਿੱਚ ਗੱਲਬਾਤ ਕਰਨ ਉੱਤੇ ਵੀ ਸਹਿਮਤ ਹੋਏ ਹਨ।

ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਵਿਚਕਾਰ ‘ਅੰਤਰ ਕੋਰੀਆਈ ਸੰਮੇਲਨ’ ਆਯੋਜਤ ਕਰਨ ਨੂੰ ਲੈ ਕੇ ਇੱਕ ਸੰਧੀ ਉੱਤੇ ਸਹਿਮਤੀ ਬਣੀ ਹੈ। ਉਤਰੀ ਕੋਰੀਆ ਦੇ ਸਰਕਾਰੀ ਮੀਡੀਆ ਦੇ ਮੁਤਾਬਕ ਦੱਖਣੀ ਕੋਰੀਆ ਦੇ ਨੁਮਾਇੰਦਿਆਂ ਨੇ ਦੇਸ਼ ਦੇ ਰਾਸ਼ਟਰਪਤੀ ਮੂਨ ਜੇ ਇਨ ਦਾ ਇੱਕ ਖ਼ਤ ਕਿਮ ਜੋਂਗ ਉਨ ਨੂੰ ਦਿੱਤਾ, ਜਿਸ ਵਿੱਚ ਮੂਨ ਨੇ ਸੰਮੇਲਨ ਆਯੋਜਤ ਕਰਨ ਦੀ ਇੱਛਾ ਪ੍ਰਗਟਾਈ ਹੈ।

ਕਿਮ ਅਤੇ ਦੱਖਣੀ ਕੋਰੀਆ ਦੇ ਰਾਜਦੂਤਾਂ ਨੇ ਕੋਰੀਆਈ ਟਾਪੂਆਂ ਵਿੱਚ ਫੌਜੀ ਤਣਾਅ ਨੂੰ ਘੱਟ ਕਰਨ ਅਤੇ ਗੱਲਬਾਤ ਤੇ ਸਹਿਯੋਗ ਨੂੰ ਵਧਾਉਣ ਲਈ ਆਪਣੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਜਾਣਕਾਰੀ ਮੁਤਾਬਕ ਕਿਮ ਜੋਂਗ ਉਨ ਨੇ ਸੋਲ ਦੇ ਨੁਮਾਇੰਦਾ ਮੰਡਲ ਦੇ ਨਾਲ ਗੰਭੀਰ ਗੱਲਬਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੁਖਾਵੇਂ ਸਬੰਧਾਂ ਨੂੰ ਵਧਾਉਣ ਦੀ ਆਪਣੀ ਦ੍ਰਿੜ ਇੱਛਾਸ਼ਕਤੀ ਸਾਂਝੀ ਕੀਤੀ।

ਹੋਰ ਖਬਰਾਂ »

ਅੰਤਰਰਾਸ਼ਟਰੀ