ਟਾਂਡਾ ਉੜਮੁੜ,7 ਮਈ (ਹ.ਬ.) : ਟਾਂਡਾ ਦੀ ਸੰਤ ਬਾਬਾ ਈਸ਼ਰ ਸਿੰਘ ਕਾਲੋਨੀ ਵਿਚ ਪਰਿਵਾਰ ਰੰਜਿਸ਼ ਕਾਰਨ ਇੱਕ ਸਿਰਫਿਰੇ ਨੇ ਗੁਆਂਢ  ਵਿਚ ਰਹਿ ਰਹੇ ਇਕ ਪਰਿਵਾਰ ਦੇ ਘਰ ਵਿਚ ਸੁੱਤੇ ਪਏ ਪੰਜ ਜਣਿਆਂ ਨੂੰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਇਸ ਦਰਦਨਾਕ ਹਾਦਸੇ ਵਿਚ 11  ਮਹੀਨਿਆਂ ਦੇ ਬੱਚੇ ਤੇ ਉਸ ਦੀ ਮਾਂ ਦੀ ਮੌਤ ਹੋ ਗਈ। ਜਦ ਕਿ ਦੋ ਬੱਚੇ ਤੇ ਇਕ ਮਹਿਲਾ ਦੀ ਹਾਲਤ ਗੰਭੀਰ ਹੈ। ਸਾਰਿਆਂ ਦਾ ਲੁਧਿਆਣਾ ਦੇ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਘਟਨਾ ਐਤਵਾਰ ਸਵੇਰੇ ਛੇ ਵਜੇ ਦੀ ਹੈ। ਪਰਿਵਾਰ ਦੇ ਬਜ਼ੁਰਗ ਲਛਮਣ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਛੇ ਵਜੇ ਉਹ ਘਰੋਂ ਬਾਹਰ ਬੈਠ ਕੇ ਅਖਬਾਰ ਪੜ੍ਹ ਰਿਹਾ ਸੀ। ਇੰਨੇ ਵਿਚ ਗੁਆਂਢ ਵਿਚ ਰਹਿਣ ਵਾਲਾ ਜੋਗਿੰਦਰ ਸਿੰਘ ਉਰਫ ਜਿੰਦਾ ਲਾਹੌਰੀਆ ਘਰ ਵਿਚ ਦਾਖ਼ਲ ਹੋਇਆ ਅਤੇ ਉਸ ਦੇ ਸਿਰ 'ਤੇ ਇੱਟ ਮਾਰ ਦਿੱਤੀ। ਜਦੋਂ ਤੱਕ ਉਹ ਸੰਭਾਲਦਾ, ਜੋਗਿੰਦਰ ਨੇ ਕਮਰੇ ਵਿਚ ਸੌਂ ਰਹੀ ਉਸ ਦੀ ਪਤਨੀ ਗੁਰਦੇਵ ਕੌਰ, ਨੂੰਹ ਰਾਜਵੰਤ ਕੌਰ, ਬੱਚੇ ਜਸਕਰਨ ਸਿੰਘ, ਹਰਮਨਪ੍ਰੀਤ ਸਿੰਘ ਤੇ ਪਰਮਿੰਦਰ ਕੌਰ 'ਤੇ ਪੈਟਰੋਲ ਛਿੜਕ ਕੇ ਉਨ੍ਹਾਂ ਅੱਗ ਲਗਾ ਦਿੱਤੀ।  ਉਨ੍ਹਾਂ ਦੱਸਿਆ ਕਿ 11 ਮਹੀਨੇ ਦੇ ਹਰਮਨਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦ ਕਿ ਉਸ ਦੀ ਮਾਂ ਰਾਜਵੰਤ ਕੌਰ ਨੇ ਲੁਧਿਆਣਾ ਦੇ ਹਸਪਤਾਲ ਵਿਚ ਦਮ ਤੋੜ ਦਿੱਤਾ। ਵਾਰਦਾਤ ਸਮੇਂ ਲਛਮਣ ਸਿੰਘ ਦਾ ਬੇਟਾ ਕੁਲਦੀਪ ਸਿੰਘ ਘਰ ਨਹੀਂ ਸੀ। ਆਸ ਪਾਸ ਦੇ ਲੋਕਾਂ ਨੇ ਪਰਿਵਾਰ ਦੇ ਝੁਲਸੇ ਮੈਂਬਰਾਂ ਨੂੰ ਟਾਂਡਾ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਸਾਰੇ ਮੈਂਬਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਹੋਰ ਖਬਰਾਂ »