ਸਿਓਲ, 15 ਮਈ (ਹ.ਬ.) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਵਿਚ ਅਗਲੇ ਮਹੀਨੇ ਹੋਣ ਵਾਲੀ ਇਤਿਹਾਸਕ ਬੈਠਕ ਤੋਂ ਪਹਿਲਾਂ ਉਤਰ ਕੋਰੀਆ ਦੇ ਇਕ ਸਾਬਕਾ ਡਿਪਲੋਮੈਟ ਨੇ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਤਰ ਕੋਰੀਆ ਅਪਣੇ ਪਰਮਾਣੂ ਹਥਿਆਰਾਂ ਨੂੰ ਕਦੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਕਰੇਗਾ। ਬਰਤਾਨੀਆ ਵਿਚ ਉਤਰ ਕੋਰੀਆ ਦੇ ਉਪ ਰਾਜਦੂਤ ਰਹੇ ਥਾਏ ਯੋਂਗ ਹੋ ਨੇ ਕਿਹਾ ਕਿ ਮੌਜੂਦਾ ਕੂਟਨੀਤਕ ਕੋਸ਼ਿਸ਼ ਅਤੇ ਗੱਲਬਾਤ, ਪੂਰੀ ਤਰ੍ਹਾਂ ਨਿਰਸਤਰੀਕਰਣ ਦੇ ਨਾਲ ਖਤਮ ਨਹੀਂ ਹੋਵੇਗੀ। ਹਾਲਾਂਕਿ ਇਹ ਕੋਸ਼ਿਸ਼ ਉਤਰ ਕੋਰੀਆਈ ਪਰਮਾਣੂ ਖ਼ਤਰੇ ਨੂੰ ਜ਼ਰੂਰ ਘੱਟ ਕਰ ਦੇਵੇਗੀ। ਥਾਏ ਯੋਂਗ ਹੋ ਨੇ ਅਗਸਤ 2016 ਵਿਚ ਅਪਣਾ ਅਹੁਦਾ ਛੱਡ ਦਿੱਤਾ ਸੀ। ਉਨ੍ਹਾਂ ਨੇ ਦੱਖਣੀ ਕੋਰੀਆਈ ਸਮਾਚਾਰ ਏਜੰਸੀ ਨੂੰ ਕਿਹਾ ਕਿ ਆਖਰਕਾਰ ਉਤਰ ਕੋਰੀਆਈ ਪਰਮਾਣੂ ਹਥਿਆਰ ਮੁਕਤ ਦੇਸ਼ ਦੇ ਨਕਾਬ ਵਿਚ ਪਰਮਾਣੂ ਸ਼ਕਤੀ ਸੰਪੰਨ ਰਾਸ਼ਟਰ ਹੀ ਰਹੇਗਾ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਉਕਤ ਟਿੱਪਣੀ 12 ਜੂਨ ਨੂੰ ਸਿੰਗਾਪੁਰ ਵਿਚ ਕਿਮ ਅਤੇ ਟਰੰਪ ਦੇ ਵਿਚ ਹੋਣ ਵਾਲੀ ਸ਼ਿਖਰ ਬੈਠਕ ਦੇ ਪਹਿਲਾਂ ਆਈ ਹੈ। 
ਮੰਨਿਆ ਜਾ ਰਿਹਾ ਹੈ ਕਿ ਦੋਵੇਂ ਕੱਦਾਵਰ ਨੇਤਾਵਾਂ ਦੇ ਵਿਚ ਹੋਣ ਵਾਲੀ ਬੈਠਕ ਵਿਚ ਉਤਰ ਕੋਰੀਆਈ ਐਟਮੀ ਅਤੇ ਮਿਜ਼ਾਈਲ ਪ੍ਰੋਗਰਾਮ ਦੇ ਏਜੰਡੇ ਦੇ ਛਾਏ ਰਹਿਣ ਦੇ ਅਸਾਰ ਹਨ। ਥਾਏ ਹੋ ਨੇ ਕਿਹਾ ਕਿ ਉਤਰ ਕੋਰੀਆ ਦੀ ਕੂਟਨੀਤਕ ਰਣਨੀਤੀ  ਹੈ ਕਿ ਪਹਿਲਾਂ ਟਕਰਾਅ ਦੇ ਚਲਦਿਆਂ ਹਾਲਾਤ ਪੈਦਾ ਕਰੋ ਅਤੇ ਫੇਰ ਅਚਾਨਕ ਹੀ ਸ਼ਾਂਤੀ ਦੇ ਸੰਕੇਤ ਦਿਓ। ਦੱਸ ਦੇਈਏ ਕਿ ਹਾਲ ਹੀ ਵਿਚ ਉਤਰ ਕੋਰੀਆ ਨੇ ਕਿਹਾ ਸੀ ਕਿ ਉਹ ਅਪਣੇ ਪਰਮਾਣੁ ਪ੍ਰੀਖਣ ਸਥਾਨ ਨੂੰ ਨਸ਼ਟ ਕਰ ਦੇਵੇਗਾ।

ਹੋਰ ਖਬਰਾਂ »

ਅੰਤਰਰਾਸ਼ਟਰੀ