ਪੰਜਾਬ ਸਰਕਾਰ ਨੂੰ ਮਦਦ ਦੀ ਲਾਈ ਗੁਹਾਰ

ਲੁਧਿਆਣਾ, 8 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਅਫ਼ਗਾਨਿਸਤਾਨ ਦੇ 25 ਤੋਂ ਵੱਧ ਸਿੱਖ ਪਰਿਵਾਰਾਂ ਨੇ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਉਹ ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਮੁਹੱਈਆ ਕਰਵਾਏ। ਇਸ ਤੋਂ ਇਲਾਵਾ ਰਹਿਣ ਲਈ ਮਕਾਨ ਦਿੱਤੇ ਜਾਣ ਜਿੱਥੇ ਉਹ ਆਪਣਾ ਜੀਵਨ ਬਸਰ ਕਰ ਸਕਣ। ਮੌਜੂਦਾ ਸਮੇਂ ਲੁਧਿਆਣਾ ਵਿੱਚ ਰਹਿ ਰਹੇ ਇਹ ਪਰਿਵਾਰ ਲਗਾਤਾਰ ਇਸਲਾਮ ਧਰਮ ਕਬੂਲ ਕਰਨ ਲਈ ਪਾਏ ਜਾ ਰਹੇ ਦਬਾਅ ਕਾਰਨ ਕੁਝ ਸਾਲ ਪਹਿਲਾਂ ਅਫ਼ਗਾਨਿਸਤਾਨ ਦੇ ਕਾਬੁਲ ਵਿੱਚੋਂ ਭਾਰਤ ਆ ਗਏ ਸਨ। ਇਨ੍ਹਾਂ ਪਰਿਵਾਰਾਂ ਵਿੱਚੋਂ ਇੱਕ ਮੈਂਬਰ ਸਿੰਮੀ ਸਿੰਘ ਨੇ ਕਿਹਾ ਕਿ ਅਸੀਂ ਕੁੱਲ 40 ਪਰਿਵਾਰ ਭਾਰਤ ਆਏ ਸੀ ਅਤੇ ਹੁਣ ਸਿਰਫ਼ 25 ਬਾਕੀ ਬਚੇ ਹਾਂ। ਸਿੰਮੀ ਸਿੰਘ ਨੇ ਕਿਹਾ ਕਿ ਉਸ ਦੇ ਚਾਰ ਬੱਚੇ ਸਨ, ਪਰ ਉਨ੍ਹਾਂ ਵਿੱਚੋਂ ਉਸ ਦੀ ਇੱਕ ਧੀ ਦੀ ਕੁਝ ਸਮਾਂ ਪਹਿਲਾਂ ਲੋੜੀਂਦੀ ਮੈਡੀਕਲ ਮਦਦ ਨਾਲ ਮਿਲਣ ਕਾਰਨ ਮੌਤ ਹੋ ਗਈ ਸੀ। ਸਿੰਮੀ ਇਸ ਵੇਲੇ ਆਟੋ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲਣ ਲਈ ਮਜਬੂਰ ਹੈ।

ਉਸ ਨੇ ਕਿਹਾ ਕਿ ਅਫ਼ਗਾਨਿਸਤਾਨ ਵਿੱਚ ਉਸ ਦਾ ਚੰਗਾ ਕਾਰੋਬਾਰ ਚਲਦਾ ਸੀ, ਪਰ ਉੱਥੋਂ ਦੇ ਲੋਕ ਉਸ ਉੱਤੇ ਅਤੇ ਉਸ ਦੇ ਪਰਿਵਾਰ ਉੱਤੇ ਮੁਸਲਿਮ ਧਰਮ ਅਪਣਾਉਣ ਲਈ ਹਮੇਸ਼ਾ ਦਬਾਅ ਪਾਉਂਦੇ ਰਹਿੰਦੇ ਸਨ।  ਇੰਨਾ ਹੀ ਨਹੀਂ, ਉਹ ਉਨ੍ਹਾਂ ਦੀਆਂ ਔਰਤਾਂ ਨੂੰ ਵੀ ਆਪਣੇ ਕੋਲ ਭੇਜਣ ਲਈ ਕਹਿੰਦੇ ਸਨ। ਇਸ ਕਾਰਨ ਉਹ ਭਾਰਤ ਆ ਗਏ।

ਹੋਰ ਖਬਰਾਂ »