ਨਕੋਦਰ,  9 ਜੁਲਾਈ, (ਹ.ਬ.) : ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਕੰਗ ਸਾਹਬੂ ਕੋਲ ਇਕ ਟਰੱਕ ਅਤੇ ਟਾਟਾ ਏਸ ਗੱਡੀ ਦੀ ਭਿਆਨਕ ਟੱਕਰ ਵਿਚ ਪਿਉ-ਪੁੱਤ ਦੀ ਮੌਤ ਹੋ ਗਈ। ਜਦ ਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।  ਪੁਲਿਸ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਮਿਲੀ ਸੀ ਕਿ ਪਿੰਡ ਕੰਗ ਸਾਹਬੂ ਕੋਲ ਇਕ ਟਾਟਾ ਏਸ (ਛੋਟਾ ਹਾਥੀ) ਅਤੇ ਟਰੱਕ ਦੀ ਭਿਆਨਕ ਟੱਕਰ ਹੋਈ ਹੈ। ਜਦ ਅਸੀਂ ਮੌਕੇ 'ਤੇ ਪੁੱਜੇ ਤਾਂ ਦੇਖਿਆ ਕਿ ਟਰੱਕ ਗਲਤ ਸਾਈਡ ਤੋਂ ਆ ਕੇ ਏਸ ਨਾਲ ਟਕਰਾ ਗਿਆ ਸੀ।  ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਟਾਟਾ ਏਸ ਵਿਚ ਸਵਾਰ ਚਾਲਕ ਪਿਉ-ਪੁੱਤਰ ਦੀ ਪਛਾਣ ਨਛੱਤਰ ਸਿੰਘ ਪੁੱਤਰ ਜਗੀਰ, ਰਮੇਸ਼ ਕੁਮਾਰ ਪੁੱਤਰ ਨਛੱਤਰ ਸਿੰਘ ਵਾਸੀ ਕਾਂਗਣਾ ਵਜੋਂ ਹੋਈ ਹੈ। ਨਛੱਤਰ ਸਿੰਘ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ ਜਦ ਕਿ ਰਮੇਸ਼ ਦੀ ਜਲੰਧਰ ਦੇ ਸਿਵਲ ਹਸਪਤਾਲ ਵਿਚ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਮੌਤ ਹੋ ਗਈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਨਕੋਦਰ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਰਖਵਾ ਦਿੱਤੀਆਂ ਹਨ।  ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਹੋਰ ਖਬਰਾਂ »