ਨਵੀਂ ਦਿੱਲੀ,  11 ਜੁਲਾਈ, (ਹ.ਬ.) : ਬੁਰਾੜੀ ਦੇ ਸੰਤਨਗਰ ਮਾਮਲੇ ਵਿਚ ਇਕ ਚਿੱਠੀ ਨੇ ਮੁੜ ਸਨਸਨੀ ਪੈਦਾ ਕਰ ਦਿੱਤੀ ਹੈ। ਚਿੱਠੀ ਲਿਖਣ ਵਾਲੇ ਨੇ ਦਾਅਵਾ ਕੀਤਾ ਕਿ ਉਹ ਪਰਿਵਾਰ ਨੂੰ ਜਾਣਦਾ ਹੈ ਅਤੇ ਉਸ ਨੇ ਪਰਿਵਾਰ ਦੇ ਲੋਕਾਂ ਨੂੰ ਕਰਾਲਾ ਦੇ ਇਕ ਤਾਂਤਰਿਕ ਦੇ ਕੋਲ ਆਉਂਦੇ ਜਾਂਦੇ ਦੇਖਿਆ ਸੀ। ਇਸ ਬਾਰੇ ਵਿਚ ਜਦ ਕਰਾਈਮ ਬਰਾਂਚ ਦੇ ਆਲੋਕ ਕੁਮਾਰ ਤੋਂ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਰਾਈਮ ਬਰਾਂਚ ਨੂੰ ਅਜਿਹਾ ਕੋਈ ਪੱਤਰ ਨਹੀਂ ਮਿਲਿਆ ਹੈ। ਨਾ ਹੀ ਜਾਂਚ ਵਿਚ ਕਿਸੇ ਤਾਂਤਰਿਕ ਦਾ ਨਾਂ ਸਾਹਮਣੇ ਆਇਆ ਹੈ।
ਖੁਦ ਨੂੰ ਆਦਰਸ਼ ਨਾਗਰਿਕ ਦੱਸਦੇ ਹੋਏ ਚਿੱਠੀ ਲਿਖਣ ਵਾਲੇ ਨੇ ਬੁਰਾੜੀ ਕਾਂਡ ਦੇ ਪਿੱਛੇ ਕਰਾਲਾ ਦੇ ਇਕ ਤਾਂਤਰਿਕ ਦਾ ਸਿੱਧਾ ਹੱਥ ਦੱਸਿਆ ਹੈ। ਅਪਣਾ ਨਾਂ ਗੁਪਤ ਰੱਖਣ ਦੀ ਮੰਗ ਕਰਦੇ ਹੋਏ ਉਸ ਨੇ ਲਿਖਿਆ ਕਿ ਪਰਿਵਾਰ ਕਰਾਲਾ ਸਥਿਤ ਇਕ ਤਾਂਤਰਿਕ ਦੇ ਕੋਲ ਜਾਂਦਾ ਰਿਹਾ ਹੈ ਜੋ ਇਕ ਮੰਦਰ ਵਿਚ ਬੈਠਦਾ ਹੈ। ਉਸ ਦੀ ਪਤਨੀ ਵੀ ਤੰਤਰ ਮੰਤਰ ਕਰਦੀ ਹੈ, ਉਹ ਕਿਸੇ ਨੂੰ ਮਾਰਨ ਜਾਂ ਪ੍ਰੇਸ਼ਾਨ ਕਰਨ ਦੇ ਬਦਲੇ ਪੈਸੇ ਲੈਂਦੇ ਹਨ। ਮੈਂ ਖੁਦ ਭਾਟੀਆ ਪਰਿਵਾਰ ਨੂੰ ਉਸ ਤਾਂਤਰਿਕ ਦੇ ਕੋਲ ਆਉਂਦ ਜਾਂਦੇ ਦੇਖਿਆ।
ਚਿੱਠੀ ਭੇਜਣ ਵਾਲੇ ਨੇ ਖੁਦ ਨੂੰ ਕਰਾਲਾ ਦਾ ਨਿਵਾਸੀ ਦੱਸਿਆ ਹੈ। ਚਿੱਠੀ ਲਿਖਣ ਦਾ ਮਕਸਦ ਉਸ ਤਾਂਤਰਿਕ ਦਾ ਪਰਦਾਫਾਸ਼ ਕਰਨਾ ਅਤੇ ਭਾਟੀਆ ਪਰਿਵਾਰ ਦੀ ਮੌਤ ਦਾ ਸੱਚ  ਸਾਹਮਣੇ ਲਿਆਉਣਾ ਦੱਸਿਆ ਹੈ। ਚਿੱਠੀ ਕਮਿਸ਼ਨਰ ਦੇ ਨਾਂ ਲਿਖੀ ਗਈ ਹੈ ਲੇਕਿਨ ਇਸ ਦੀ ਕਾਪੀ ਪੋਸਟ ਦੇ ਜ਼ਰੀਏ Îਇਕ ਅਖ਼ਬਾਰ ਨੂੰ ਵੀ ਭੇਜੀ ਗਈ ਹੈ। ਉਧਰ ਕਾਨੂੰਨ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਇਹ ਚਿੱਠੀ ਉਸ ਤਾਂਤਰਿਕ ਨੂੰ ਫਸਾਉਣ ਲਈ ਭੇਜੀ ਗਈ ਹੋਵੇ। ਕਿਉਂਕਿ ਮਾਮਲਾ ਗੰਭੀਰ ਹੈ ਇਸ ਲਈ ਅਜਿਹੀ ਕਿਸੇ ਵੀ ਜਾਣਕਾਰੀ 'ਤੇ ਪੁਲਿਸ ਨੂੰ ਛਾਣਬੀਣ ਕਰਨੀ ਚਾਹੀਦੀ।

ਹੋਰ ਖਬਰਾਂ »