ਮੋਹਾਲੀ,  11 ਜੁਲਾਈ, (ਹ.ਬ.) : ਸਟੇਟ ਸਪੈਸ਼ਲ ਆਪਰੇਸ਼ਨ ਸੈਲ ਵਲੋਂ ਫੜੀ ਗਈ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਪਨਾਹ ਦੇਣ ਵਾਲੀ ਰੁਪਿੰਦਰ ਕੌਰ ਤੇ ਹਰਪ੍ਰੀਤ ਨੂੰ ਅਦਾਲਤ ਵਿਚ ਪੇਸ਼ ਕਰਨ ਦੇ ਲਈ ਮੰਗਲਵਾਰ ਨੂੰ ਸਾਰਾ ਦਿਨ ਡਰਾਮਾ ਚਲਦਾ ਰਿਹਾ। ਸਟੇਟ ਸਪੈਸ਼ਲ ਸੈਲ ਵਲੋਂ ਦੋਵੇਂ ਮਹਿਲਾ ਮੁਲਜ਼ਮਾਂ ਦਾ ਸਵੇਰੇ ਹੀ ਮੈਡੀਕਲ ਕਰਵਾ ਲਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੀਡੀਆ ਵਾਲੇ ਸਵੇਰੇ ਹੀ ਉਡੀਕ ਵਿਚ ਸੀ ਕਿ ਪੁਲਿਸ ਕਦੋਂ ਮੁਲਜ਼ਮ ਮਹਿਲਾਵਾਂ ਨੂੰ ਲੈ ਕੇ ਆਉਣਗੇ। ਪੁਲਿਸ ਦੀ ਟੀਮ ਸ਼ਾਮ ਕਰੀਬ ਪੰਜ ਵਜੇ ਅਦਾਲਤ ਪੁੱਜੀ ਜਦ ਕਿ ਚੰਡੀਗੜ੍ਹ ਵਿਚ ਇਕ ਜੱਜ ਦੀ ਮਾਂ ਦਾ ਦੇਹਾਂਤ ਹੋਣ ਕਾਰਨ ਜ਼ਿਆਦਾਤਰ ਜੱਜ ਨਿਕਲ ਗਏ ਸੀ। ਇਸ ਸਬੰਧ ਵਿਚ ਪਹਿਲਾਂ ਸੂਚਨਾ ਨਾ ਹੋਣ ਕਾਰਨ ਅਦਾਲਤ ਦਾ ਸਟਾਫ਼ ਵੀ ਨਿਕਲ ਗਿਆ ਸੀ। ਇਸ ਤੋਂ ਬਾਅਦ ਪੁਲਿਸ ਦੀ ਟੀਮ ਮੁਲਜ਼ਮ ਮਹਿਲਾਵਾਂ ਨੂੰ ਵਾਪਸ ਲੈ ਗਈ ਅਤੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਮੰਗਿਆ।  ਅਦਾਲਤ ਵਿਚ ਮੁਲਜ਼ਮਾਂ ਦਾ ਰਿਮਾਂਡ ਲੈਣ ਦੇ ਲਈ ਪੁਲਿਸ ਨੇ ਦਲੀਲ ਦਿੱਤਾ ਕਿ ਦੋਵੇਂ ਮਹਿਲਾਵਾਂ ਆਪਸ ਵਿਚ ਭੈਣਾਂ ਹਨ। ਦੋਵਾਂ ਵਿਚੋਂ ਇਕ ਔਰਤ ਦੇ ਪਤੀ ਦੀ ਮੌਤ ਹੋ ਚੁੱਕੀ ਹੈ। ਜਦ ਕਿ ਦੂਜੀ ਦਾ ਪਤੀ ਨਾਲ ਨਹੀਂ ਰਹਿੰਦਾ। ਗੈਂਗਸਟਰ ਨੂੰ ਦੋਵੇਂ ਭੈਣਾਂ ਅਪਣੇ ਕੋਲ ਪਨਾਹ ਦਿੰਦੀ ਸੀ। ਗੈਂਗਸਟਰ ਇਨ੍ਹਾਂ ਦੇ ਘਰ ਵਿਚ ਹਥਿਆਰ, ਗੋਲੀ, ਸਿੱਕਾ, ਹੈਰੋਇਨ ਅਤੇ ਨਸ਼ੀਲੇ ਪਦਾਰਥ ਰੱਖ ਕੇ ਅਪਣਾ ਨੈਟਵਰਕ ਚਲਾਉਂਦੇ ਸਨ। ਪੁਲਿਸ ਇਨ੍ਹਾਂ ਦੋਵਾਂ ਕੋਲੋਂ ਪਤਾ ਕਰਨਾ ਚਾਹੁੰਦੀ ਹੈ ਕਿ ਉਕਤ ਲੋਕਾਂ ਦਾ ਕਿਹੜੇ ਕਿਹੜੇ ਗੈਂਗਸਟਰਾਂ ਨਾਲ ਸਬੰਧ ਹੈ। 
 

ਹੋਰ ਖਬਰਾਂ »