ਬਰਨਾਲਾ,  21 ਜੁਲਾਈ, (ਹ.ਬ.) : ਪੇਕਿਆਂ ਦੀ ਜਾਇਦਾਦ ਵਿਚੋਂ ਮਿਲੀ 8 ਏਕੜ ਜ਼ਮੀਨ ਅਪਣੇ ਨਾਂ ਨਾ ਕਰਨ ਕਾਰਨ ਗੁੱਸੇ ਵਿਚ ਆਏ ਪਤੀ ਨੇ ਪਤਨੀ 'ਤੇ ਚਾਕੂ ਨਾਲ ਕਈ ਵਾਰ ਕੀਤੇ ਲੇਕਿਨ ਜਦ ਉਹ ਨਹੀਂ ਮਰੀ ਤਾਂ ਉਸ ਦਾ ਗਲ਼ ਘੁੱਟ ਦਿੱਤਾ। ਘਟਨਾ ਨੂੰ ਅੰਜਾਮ ਦੇਣ ਤੋ ਬਾਅਦ  ਪਤੀ ਨੇ ਜ਼ਹਿਰ ਨਿਗਲ ਲਿਆ ਅਤੇ ਖੁਦ ਹੀ ਥਾਣੇ ਪਹੁੰਚ ਗਿਆ।  ਥਾਣੇ ਆਉਂਦੇ ਹੀ ਕਿਹਾ ਕਿ ਮੇਰੇ ਕੋਲੋਂ ਘਰ ਵਾਲੀ ਦਾ ਕਤਲ ਹੋ ਗਿਆ। ਮੈਂ ਵੀ ਸਲਫ਼ਾਸ ਖਾ ਲਈ ਏ। ਉਸ ਦੀ ਹਾਲਤ ਵਿਗੜਦੀ ਦੇਖ ਪੁਲਿਸ ਨੇ ਉਸ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ।  ਪੁਲਿਸ ਜਦ ਘਰ ਪੁੱਜੀ ਤਾਂ ਪਤਨੀ ਦੀ ਲਾਸ਼ ਖੂਨ ਨਾਲ ਲਥਪਥ ਪਈ ਸੀ। ਘਟਨਾ ਜ਼ਿਲ੍ਹੇ ਦੇ ਪਿੰਡ ਰੁੜੇਕੇ ਕਲਾਂ ਦੀ ਹੈ। ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ ਦੇ ਰੂਪ ਵਿਚ ਹੋਈ ਹੈ।
ਮ੍ਰਿਤਕਾ ਦੀ ਮਾਤਾ ਬਲਵੀਰ ਕੌਰ ਨਿਵਾਸੀ ਪਿੰਡ ਦੁੱਗਾ ਜ਼ਿਲ੍ਹਾ ਸੰਗਰੂਰ ਨੇ ਦੱਸਿਆ ਕਿ ਉਸ ਦੇ ਕੋਲ 20 ਏਕੜ ਜ਼ਮੀਨ ਹੈ। ਉਨ੍ਹਾਂ ਦੀਆਂ ਦੋ ਧੀਆਂ ਹਨ। ਉਨ੍ਹਾਂ ਨੇ 8-8 ਏਕੜ ਜ਼ਮੀਨ ਅਪਣੀ ਦੋਵੇਂ ਧੀਆਂ ਦੇ ਨਾਂ ਕਰਵਾ ਦਿੱਤੀ ਸੀ। ਇਕ ਬੇਟੀ ਕੁਲਵਿੰਦਰ ਕੌਰ ਉਨ੍ਹਾਂ ਦੇ ਕੋਲ ਹੀ ਰਹਿੰਦੀ ਹੈ।  ਜਦ ਕਿ ਬਲਵਿੰਦਰ ਕੌਰ ਦਾ ਵਿਆਹ ਉਨ੍ਹਾਂ ਨੇ ਪਿੰਡ ਰੁੜੇਕੇ ਕਲਾਂ ਦੇ ਕਰਮਜੀਤ ਨਾਲ ਕੀਤਾ ਸੀ।  ਉਨ੍ਹਾਂ ਦਾ ਜਵਾਈ ਜ਼ਮੀਨ ਧੀ ਦੇ ਨਾਂ ਕਰਨ  ਤੋਂ ਖੁਸ਼ ਨਹੀਂ ਸੀ।  ਉਹ ਇਸ ਗੱਲ ਦੀ ਲੜਾਈ ਰਖਦਾ ਸੀ ਕਿ ਜ਼ਮੀਨ ਉਸ ਦੇ ਨਾਂ ਕਰਵਾਈ ਜਾਵੇ ਅਤੇ ਕਬਜ਼ਾ ਵੀ ਦਿੱਤਾ ਜਾਵੇ।  ਕਈ ਵਾਰ ਪੰਚਾਇਤ ਵਿਚ ਬੈਠ ਕੇ ਉਸ ਨੂੰ ਸਮਝਾਇਆ। ਪਿਛਲੇ ਸਾਲ ਉਸ ਨੂੰ ਕਰਜ਼ਾ ਲੈ ਕੇ 9 ਲੱਖ ਰੁਪਏ ਅਤੇ ਦੋ ਲੱਖ ਰੁਪਏ ਦਿੱਤੇ। ਸ਼ੁੱਕਰਵਾਰ ਨੂੰ  ਉਸ ਨੇ ਗੁੱਸੇ ਵਿਚ ਆ ਕੇ ਉਸ ਦਾ ਕਤਲ ਕਰ ਦਿੱਤਾ। 

ਹੋਰ ਖਬਰਾਂ »

ਪੰਜਾਬ