ਚੰਡੀਗੜ੍ਹ, 8 ਅਗਸਤ, (ਹ.ਬ.) : ਦਿੱਲੀ ਦੇ ਰਾਜੌਰੀ ਗਾਰਡਨ ਤੋਂ ਅਕਾਲੀ-ਭਾਜਪਾ ਗਠਜੋੜ ਦੇ ਵਿਧਾਇਕ ਮਨਜਿੰਦਰ ਸਿਰਸਾ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜਾਉਣ ਦੀ ਤਿਆਰੀ ਵਿਚ ਹੈ।  ਇਸ ਨੂੰ ਧਿਆਨ ਵਿਚ ਰਖਦੇ ਹੋਏ ਉਨ੍ਹਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਆਬਜ਼ਰਵਰ ਬਣਾਇਆ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਉਥੇ ਸਰਗਰਮੀ ਵਧ ਗਈ ਹੈ। ਰਵਾਇਤੀ ਤੌਰ 'ਤੇ ਅੰਮ੍ਰਿਤਸਰ  ਸੰਸਦੀ ਸੀਟ ਭਾਜਪਾ ਦੀ ਰਹੀ ਹੈ ਪਰ ਪਿਛਲੀਆਂ ਲੋਕ ਸਭਾ ਚੋਣਾਂ ਅਤੇ ਜ਼ਿਮਨੀ ਚੋਣ ਵਿਚ ਪਾਰਟੀ ਦੇ ਖਰਾਬ ਪ੍ਰਦਰਸ਼ਨ ਨੂੰ ਧਿਆਨ ਵਿਚ ਰਖਦੇ ਹੋਏ ਇਹ ਸੀਟ  ਅਕਾਲੀਆਂ ਨੂੰ ਦਿੱਤੇ ਜਾਣ ਦੀ ਚਰਚਾ ਹੈ। ਇਸ ਕਾਰਨ ਹੁਣ ਤੱਕ ਅਕਾਲੀਆਂ ਕੋਲ ਰਹੀ ਲੁਧਿਆਣਾ ਸੀਟ ਭਾਜਪਾ ਨੂੰ ਦਿੱਤੀ ਜਾ ਸਕਦੀ ਹੈ।  ਕਈ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਹਾਲੀਆ ਸਿਰਸਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦਾ ਆਬਜ਼ਰਵਰ ਬਣਾਇਆ ਗਿਆ ਹੈ । ਜ਼ਿਲ੍ਹੇ ਦੇ ਨਾਲ ਹੀ ਉਨ੍ਹਾਂ ਨੂੰ ਪੂਰੇ ਅੰਮ੍ਰਿਤਸਰ ਲੋਕ ਸਭਾ ਖੇਤਰ ਦਾ ਕੰਮ ਦੇਖਣ ਲਈ ਕਿਹਾ ਗਿਆ ਹੈ।  ਉਥੇ ਦੇ ਅਕਾਲੀ ਨੇਤਾਵਾਂ ਅਤੇ ਸੀਨੀਅਰ ਨੇਤਾਵਾਂ ਨੂੰ ਵੀ ਇਸ ਗੱਲ ਦੇ ਸੰਕੇਤ ਦਿੱਤੇ ਗਏ ਹਨ ਕਿ ਸਿਰਸਾ ਇੱਥੋਂ ਚੋਣ ਲੜ ਸਕਦੇ ਹਨ। ਉਹ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੀ ਸਿਆਸਤ ਵਿਚ ਕਾਫੀ ਸਰਗਰਮ ਵੀ ਰਹੇ ਹਨ। ਸਿਰਸਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਬਹੁਤ ਨਜ਼ਦੀਕੀ ਮੰਨੇ ਜਾਂਦੇ ਹਨ। ਉਪ ਮੁੱਖ ਮੰਤਰੀ ਰਹਿੰਦੇ ਹੋਏ ਬਾਦਲ ਨੇ ਉਨ੍ਹਾਂ ਨੂੰ ਅਪਣਾ ਸਿਆਸੀ ਸਲਾਹਕਾਰ ਬਣਾਇਆ ਸੀ।  ਉਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਵੀ ਹਨ। ਉਨ੍ਹਾਂ ਦੇ ਭਾਜਪਾ ਨੇਤਾਵਾਂ ਨਾਲ ਚੰਗੇ ਸਬੰਧ ਹਨ।  

ਹੋਰ ਖਬਰਾਂ »