ਇਸਲਮਾਬਾਦ, 8 ਅਗਸਤ, (ਹ.ਬ.) : ਚੋਣ ਜ਼ਾਬਤੇ ਦੀ ਉਲੰਘਣਾ ਅਤੇ ਵੋਟਾਂ ਦੀ ਮੁੜ ਗਿਣਤੀ ਦੀ ਮੰਗ ਦੇ ਕਾਰਨ ਪਾਕਿ ਚੋਣ ਕਮਿਸ਼ਨ ਨੇ ਇਮਰਾਨ ਖਾਨ ਦੀ ਦੋ ਸੀਟਾਂ  'ਤੇ ਜਿੱਤ ਦੇ ਨੋਟੀਫਿਕੇਸ਼ਨ ਨੂੰ ਰੋਕ ਦਿੱਤਾ ਹੈ। 25 ਜੁਲਾਈ ਨੂੰ ਹੋਈ ਪਾਕਿਸਤਾਨ ਦੇ ਆਮ ਚੋਣਾਂ ਵਿਚ ਇਮਰਾਨ ਨੇ ਪੰਜ ਸੀਟਾਂ ਤੋਂ ਜਿੱਤ ਦਰਜ ਕੀਤੀ ਸੀ। ਅਜਿਹੇ ਵਿਚ ਸਹੁੰ ਚੁੱਕ ਸਮਾਗਮ ਟਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸਥਾਨਕ ਮੀਡੀਆ ਦੇ ਅਨੁਸਾਰ ਤਿੰਨ ਹੋਰ  ਸੀਟਾਂ 'ਤੇ ਇਮਰਾਨ ਦੀ ਜਿੱਤ ਦਾ ਨੋਟੀਫੇਕਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਲੰਬਿਤ ਮਾਮਲਿਆਂ ਵਿਚ ਸੁਣਵਾਈ ਦੇ ਆਧਾਰ 'ਤੇ ਇਨ੍ਹਾਂ ਸੀਟਾਂ 'ਤੇ ਚੋਣ ਕਮਿਸ਼ਨ ਇਮਰਾਨ ਖਾਨ ਦੇ ਨੋਟੀਫਿਕੇਸ਼ਨ ਨੂੰ ਰੱਦ ਕਰ ਸਕਦਾ ਹੈ। 65 ਸਾਲਾ ਇਮਰਾਨ ਖਾਨ ਨੂੰ ਉਨ੍ਹਾਂ ਦੀ ਪਾਰਟੀ ਪੀਟੀਆਈ ਨੇ ਪ੍ਰਧਾਨ ਮੰਤਰੀ ਅਹੁਦੇ ਲਈ ਨਾਮਜ਼ਦ ਕਰ ਦਿੱਤਾ ਹੈ। ਕਮਿਸ਼ਨ ਨੇ ਐਨਏ 54 (ਇਸਲਾਮਾਬਾਦ-2)  ਅਤੇ ਐਨ-131 (ਲਾਹੌਰ-9)  ਸੀਟਾਂ 'ਤੇ ਉਨ੍ਹਾਂ ਦੀ ਜਿੱਤ ਦੇ ਨੋਟੀਫਿਕੇਸ਼ਨ 'ਤੇ ਰੋਕ ਲਗਾਈ ਹੈ। 
ਐਨਏ-53 ਸੀਟ 'ਤੇ ਖਾਨ ਨੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅੱਬਾਸੀ ਨੂੰ ਹਰਾਇਆ ਸੀ। ਇੱਥੇ ਕੈਮਰੇ ਦੇ ਸਾਹਮਣੇ ਵੋਟ ਪਾਉਣ ਦੇ ਕਾਰਨ ਚੋਣ ਕਮਿਸ਼ਨ ਨੇ ਇਮਰਾਨ ਖਾਨ ਨੂੰ ਨੋਟਿਸ ਦਿੱਤਾ ਸੀ। ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਦੀ ਸੁਣਵਾਈ ਹੋਣ ਦੇ ਕਾਰਨ ਉਨ੍ਹਾਂ ਦੇ ਨੋਟੀਫਿਕੇਸ਼ਨ 'ਤੇ ਰੋਕ ਲਗਾਈ ਗਈ।
ਐਨਏ-131 ਸੀਟ 'ਤੇ ਪੀਐਮਐਲ-ਐਨ ਨੇਤਾ ਖਵਾਜਾ ਸਾਦ ਰਫਿਕ ਨੇ Îਇਮਰਾਨ ਨੂੰ ਸਭ ਤੋਂ ਵੱਡੀ ਟੱਕਰ ਦਿੱਤੀ ਸੀ। ਐਨਏ 131 ਸੀਟ ਤੋਂ ਜਿੱਤ ਦੇ ਨੋਟੀਫਿਕੇਸ਼ਨ 'ਤੇ ਇਸ ਲਈ ਰੋਕ ਲਗਾ ਦਿੱਤੀ ਗਈ ਕਿਉਂਕਿ ਰਫਿਕ ਦੀ ਮੁੜ ਵੋਟਾਂ ਦੀ ਗਿਣਤੀ ਦੀ ਅਰਜ਼ੀ 'ਤੇ ਲਾਹੌਰ ਹਾਈ ਕੋਰਟ ਨੇ ਅਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ। 14 ਜਾਂ 15 ਅਗਸਤ ਨੂੰ  ਇਮਰਾਨ ਖਾਨ ਦੇ ਸਹੁੰ ਚੁੱਕਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ। 

ਹੋਰ ਖਬਰਾਂ »