ਨਵੀਂ ਦਿੱਲੀ, 9 ਅਗਸਤ, (ਹ.ਬ.) : ਥਾਈਲੈਂਡ ਦੀ ਅਦਾਲਤ ਵਿਚ ਪਾਕਿਸਤਾਨ ਨੂੰ ਜ਼ਬਰਦਸਤ ਮੂੰਹ ਦੀ ਖਾਣੀ ਪਈ ਹੈ। ਪਾਕਿਸਤਾਨ ਦੇ ਦਾਅਵੇ ਨੂੰ ਖਾਰਜ ਕਰਦਿਆਂ ਥਾਈਲੈਂਡ ਦੀ ਸਥਾਨਕ ਅਦਾਲਤ ਨੇ ਡੌਨ ਛੋਟਾ ਸ਼ਕੀਲ ਦੇ ਕਰੀਬੀ ਮੁਦੱਸਰ ਹੁਸੈਨ ਉਰਫ ਮੁੰਨਾ ਝਿੰਗੜਾ ਨੂੰ ਭਾਰਤ ਦਾ ਨਾਗਰਿਕ ਮੰਨਿਆ ਹੈ ਤੇ ਉਸ ਨੂੰ ਛੇਤੀ ਭਾਰਤ ਹਵਾਲੇ ਕਰਨ ਦਾ ਹੁਕਮ ਦਿੱਤਾ ਹੈ।  ਪਾਕਿਸਤਾਨ ਮੁੰਨਾ ਝਿੰਗੜਾ ਨੂੰ ਅਪਣਾ ਨਾਗਰਿਕ ਦੱਸਦਿਆਂ ਉਸ ਨੂੰ ਪਾਕਿਸਤਾਨ ਲਿਜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਅਸਲ ਵਿਚ ਮੁੰਨਾ ਝਿੰਗੜਾ ਨੂੰ ਮੁੰਬਈ ਹਮਲੇ ਦੇ ਦੋਸ਼ੀ ਦਾਊਦ ਇਬਰਾਹਿਮ ਦੇ ਦੁਸ਼ਮਣ ਅੰਡਰਵਰਲਡ ਡਾਨ ਛੋਟਾ ਰਾਜਨ ਦੀ ਹੱਤਿਆ ਦੇ ਯਤਨਾਂ ਵਿਚ ਸਾਲ 2000 ਵਿਚ ਥਾਈਲੈਂਡ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।  ਥਾਈਲੈਂਡ ਕਾਨੂੰਨ ਮੁਤਾਬਕ ਉਸ ਦੀ ਸਜ਼ਾ ਦਸੰਬਰ 2016 ਵਿਚ ਪੂਰੀ ਹੋ ਗਈ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਉਸ ਨੂੰ ਅਪਣਾ ਨਾਗਰਿਕ ਦੱਸਦਿਆਂ ਹਵਾਲਗੀ ਦਾ ਦਾਅਵਾ ਕੀਤਾ। ਪਰ ਭਾਰਤ ਨੇ ਇਸ ਦਾ ਪੁਰਜ਼ੋਰ ਵਿਰੋਧ ਕਰਦਿਆਂ ਕਿਹਾ ਕਿ ਝਿੰਗੜਾ ਭਾਰਤੀ ਨਾਗਰਿਕ ਹੈ ਤੇ ਇੱਥੇ ਕਈ ਮਾਮਲਿਆਂ ਵਿਚ ਲੋੜੀਂਦਾ ਹੈ, ਲਿਹਾਜ਼ਾ ਉਸ ਨੂੰ ਭਾਰਤ ਦੇ ਹਵਾਲੇ ਕੀਤਾ ਜਾਵੇ। ਆਖਰ ਮਾਮਲਾ ਥਾਈਲੈਂਡ ਦੀ ਅਦਾਲਤ ਵਿਚ ਚਲਾ ਗਿਆ।ਮੁੰਨਾ ਝਿੰਗੜਾ ਨੂੰ ਅਪਣਾ ਨਾਗਰਿਕ ਸਾਬਤ ਕਰਨ ਲਈ ਪਾਕਿਸਤਾਨ ਨੇ ਉਸ ਦੀ ਪਤਨੀ ਤੇ ਧੀ ਨੂੰ ਅਦਾਲਤ ਵਿਚ ਪੇਸ਼ ਕੀਤਾ।  ਪਾਕਿਸਤਾਨ ਵਲੋਂ ਕੁਲ 61 ਗਵਾਹ ਅਦਾਲਤ ਵਿਚ ਪੇਸ਼ ਕੀਤੇ। ਉਸ ਨੇ ਝਿੰਗੜਾ ਦੇ ਪਾਕਿਸਤਾਨੀ ਪਾਸਪੋਰਟ ਨਾਲ ਗ੍ਰਿਫ਼ਤਾਰ ਹੋਣ ਦਾ ਹਵਾਲਾ ਦਿੱਤਾ।  ਉਥੇ ਹੀ ਜਵਾਬ ਵਿਚ ਭਾਰਤ ਨੇ ਝਿੰਗੜਾ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਡੀਐਨਏ ਸੈਂਪਲ ਅਦਾਲਤ ਵਿਚ ਪੇਸ਼ ਕੀਤੇ। ਇਸ ਵਿਚ ਝਿੰਗੜਾ ਦੀ ਮੁੰਬਈ ਵਿਚ ਰਹਿ ਰਹੀ ਪਹਿਲੀ ਪਤਨੀ ਤੇ ਧੀ ਦਾ ਡੀਐਨਏ ਵੀ ਸ਼ਾਮਲ ਸੀ। ਇਸ ਦੇ ਨਾਲ ਹੀ ਮੁੰਬਈ ਪੁਲਿਸ ਨੇ  ਝਿੰਗੜਾ ਖਿਲਾਫ਼ ਤਿਆਰ ਪੂਰਾ ਡੋਜੀਅਰ ਵੀ ਥਾਈਲੈਂਡ  ਕੋਰਟ ਦੇ ਸਾਹਮਣੇ ਰੱਖ ਦਿੱਤਾ। ਇਸ ਨਾਲ ਪਾਕਿਸਤਾਨ ਦਾ ਝੂਠ ਫੜਿਆ ਗਿਆ ਤੇ ਅਦਾਲਤ ਨੇ ਉਸ ਨੂੰ ਭਾਰਤ ਹਵਾਲੇ ਕਰ ਦਾ ਹੁਕਮ ਸੁਣਾ ਦਿੱਤਾ। ਝਿੰਗੜਾ ਤੇ ਉਸ ਦੇ ਪਾਕਿਸਤਾਨੀ ਆਕਾਵਾਂ ਨੂੰ ਥਾਈਲੈਂਡ ਦੀ ਅਦਾਲਤ ਵਚੋਂ ਅਜਿਹੇ ਫੈਸਲੇ ਦੀ ਉਮੀਦ ਨਹੀਂ ਸੀ।  ਇਹੀ ਕਾਰਨ ਹੈ ਕਿ ਫ਼ੈਸਲਾ ਸੁਣਦੇ ਹੀ ਝਿੰਗੜਾ ਆਪੇ ਤੋਂ ਬਾਹਰ ਹੋ ਗਿਆ ਤੇ ਜੱਜ ਨੂੰ ਗਾਲ੍ਹਾਂ ਕੱਢਣ ਲੱਗਾ।

ਹੋਰ ਖਬਰਾਂ »