ਲੁਧਿਆਣਾ, 9 ਅਗਸਤ, (ਹ.ਬ.) : ਇੰਡਸਟਰੀ ਏਰੀਆ ਇਲਾਕੇ ਤੋਂ ਦਸ ਦਿਨ ਪਹਿਲਾਂ ਅਗਵਾ ਕੀਤੇ ਗਏ 11  ਸਾਲ ਦੇ ਬੱਚੇ ਵਰਿੰਦਰ ਕੁਮਾਰ ਨੂੰ  ਉਸ ਦੀ ਭੈਣ ਦੇ ਪ੍ਰੇਮੀ ਨੇ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀ ਉਸ ਨੂੰ ਹਾਰਡੀਜ ਵਰਲਡ ਦਿਖਾਉਣ ਦਾ ਬਹਾਨਾ ਬਣਾ ਕੇ ਸਤਲੁਜ ਦਰਿਆ 'ਤੇ ਲੈ ਗਿਆ। ਉਥੇ ਨਹਾਉਣ ਦੌਰਾਨ ਦੋਸ਼ੀ ਨੇ ਉਸ ਨੂੰ ਦਰਿਆ ਵਿਚ ਡੁਬੋ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਨਹਿਰ ਵਿਚ ਹੀ ਸੁੱਟ ਕੇ ਫਰਾਰ ਹੋ ਗਿਆ। ਉਸ ਤੋਂ ਬਾਅਦ ਉਸ ਨੇ ਵਰਿੰਦਰ ਦੇ ਘਰ ਵਾਲਿਆਂ ਨੂੰ ਧਮਕੀ ਦਿੱਤੀ ਕਿ ਉਹ ਉਸ ਨੂੰ ਦੋ ਲੱਖ ਰੁਪਏ ਦੇਵੇ ਅਤੇ ਬੱਚਾ ਲੈ ਜਾਵੇ। ਘਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਦੇ ਕੋਲ ਕੀਤੀ। ਥਾਣਾ ਡਵੀਜ਼ਨ ਦੋ ਦੀ ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ। ਪੁਲਿਸ ਨੇ ਇਸ ਮਾਮਲੇ ਵਿਚ ਬਿਹਾਰ ਦੇ ਕਿਸ਼ਨਗੰਜ ਨਿਵਾਸੀ ਅਜਮਲ ਆਲਮ ਨੂੰ ਕਾਬੂ ਕਰ ਲਿਆ। ਪੁਲਿਸ ਉਸ ਕੋਲੋਂ ਪੁਛਗਿੱਛ ਕਰਨ ਵਿਚ ਜੁਟੀ ਹੋਈ ਹੈ।  ਏਡੀਸੀਪੀ ਨੇ ਦੱਸਿਆ ਕਿ 27 ਜੁਲਾਈ ਨੂੰ ਇੰਡਸਟਰੀ ਏਰੀਆ ਇਲਾਕੇ ਤੋਂ ਵਰਿੰਦਰ ਕੁਮਾਰ ਘਰ ਦੇ ਬਾਹਰ ਖੇਡ ਰਿਹਾ ਸੀ ਤਾਂ ਉਹ ਗਾਇਬ ਹੋ ਗਿਆ। ਘਰ ਵਾਲਿਆਂ ਨੇ ਇਸ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ।
ਕੁਝ ਦਿਨ ਬਾਅਦ ਘਰ ਵਾਲਿਆਂ ਨੂੰ ਇਕ ਮੈਸੇਜ ਆਇਆ ਕਿ ਦੋ ਲੱਖ ਰੁਪਏ ਦੇਵੋ ਅਤੇ ਅਪਣਾ ਬੇਟਾ ਲੈ ਜਾਵੋ।  ਜਦ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਚਲਿਆ ਕਿ ਦੋਸ਼ੀ ਆਲਮ ਦੇ ਵਰਿੰਦਰ ਦੀ ਭੈਣ ਦੇ ਨਾਲ ਪ੍ਰੇਮ ਸਬੰਧ ਸਨ। ਦੋਵਾਂ ਦੇ ਘਰ ਵਾਲਿਆਂ ਨੂੰ ਪਤਾ ਚਲਾ ਗਿਆ ਤਾਂ ਇਸ ਦਾ ਵਿਰੋਧ ਹੋਇਆ। ਇਸ ਤੋਂ ਬਾਅਦ ਆਲਮ ਹਰਿਆਣਾ ਦੇ ਜ਼ਿਲ੍ਹਾ ਕੈਥਲ ਵਿਚ ਰਹਿਣ ਲੱਗਾ। ਉਹ ਜਦ ਵੀ ਲੁਧਿਆਣਾ ਵਿਚ ਧਾਗਾ ਲੈਣ ਆਉਂਦਾ ਤਾਂ ਵਰਿੰਦਰ ਦੀ ਭੈਣ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਸੀ ਲੇਕਿਨ ਵਰਿੰਦਰ ਦੀ ਭੈਣ ਉਸ ਨਾਲ ਮਿਲਦੀ ਨਹੀਂ ਸੀ।
ਇਸ ਕਾਰਨ ਉਹ ਉਸ ਨਾਲ ਰੰਜਿਸ਼ ਰਖਣ ਲੱਗਾ। ਉਸ ਦੀ ਭੈਣ ਨੂੰ ਸਬਕ ਸਿਖਾਉਣ ਦੇ ਲਈ ਉਸ ਨੇ 27 ਜੁਲਾਈ ਨੂੰ ਵਰਿੰਦਰ ਨੂੰ ਅਗਵਾ ਕਰ ਲਿਆ। ਉਸ ਨੂੰ ਹਾਰਡੀਜ਼ ਵਰਲਡ ਦਿਖਾਉਣ ਦਾ ਬਹਾਨਾ ਬਣਾ ਕੇ  ਆਟੋ ਵਿਚ ਸਤਲੁਜ ਦਰਿਆ 'ਤੇ ਲੈ ਗਿਆ। ਉਹ ਉਸ ਨੂੰ ਨਹਾਉਣ ਲਈ ਕਹਿਣ ਲੱਗਾ, ਜਦ ਵਰਿੰਦਰ ਨਹਾਉਂਦੇ ਹੋਏ ਥਕ ਗਿਆ ਤਾਂ ਉਸ ਦੀ ਉਥੇ ਹੀ ਡੁਬੋ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਨਹਿਰ ਵਿਚ ਹੀ ਸੁੱਟ ਕੇ ਫਰਾਰ ਹੋ ਗਿਆ। ਇਸ ਸਬੰਧ ਵਿਚ ਏਡੀਸੀਪੀ ਨੇ ਕਿਹਾ ਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਹੋਰ ਖਬਰਾਂ »