ਮੋਗਾ, 11 ਅਗਸਤ, (ਹ.ਬ.) : ਪੜ੍ਹਾਈ ਦੇ ਨਾਂ 'ਤੇ ਕੈਨੇਡਾ ਵਿਚ ਵਸਣ ਜਾ ਰਹੇ ਨੌਜਵਾਨਾਂ ਦੇ ਲਈ ਇਕ ਬੁਰੀ ਖ਼ਬਰ ਹੈ। ਉਹ ਜੇਕਰ ਏਜੰਟ ਦੇ ਜ਼ਰੀਏ ਕੈਨੇਡਾ ਪਹੁੰਚ ਵੀ ਜਾਂਦੇ ਹਨ ਤਾਂ ਉਥੇ ਐਂਟਰੀ ਕਰਨਾ ਉਨ੍ਹਾਂ ਦੇ ਲਈ ਹੁਣ ਸੌਖਾਲਾ ਨਹੀਂ ਰਿਹਾ। ਕੈਨੇਡਾ ਸਰਕਾਰ ਨੇ ਹੁਣ ਅਜਿਹੇ ਵਿਦਿਆਰਥੀਆਂ ਦੇ ਆਮ ਗਿਆਨ ਅਤੇ ਅੰਗਰੇਜ਼ੀ 'ਤੇ ਪਕੜ ਨੂੰ ਲੈ ਕੇ ਏਅਰਪੋਰਟ 'ਤੇ ਹੀ ਇੰਟਰਵਿਊ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।ਅਜਿਹੇ ਵਿਚ ਸਿਰਫ ਟਰੈਵਲ ਏਜੰਟਾਂ ਦੇ ਸਹਾਰੇ ਕਾਗਜ਼ੀ ਵਿਦਿਆਰਥੀ ਹੁਣ ਕੈਨੇਡਾ ਵਿਚ ਦਾਖ਼ਲ ਨਹੀਂ ਹੋ ਸਕਣਗੇ।  ਉਨ੍ਹਾਂ ਨੂੰ ਇਮੀਗਰੇਸ਼ਨ ਅਥਾਰਿਟੀ ਏਅਰਪੋਰਟ ਤੋਂ ਹੀ ਵਾਪਸ ਡਿਪੋਰਟ ਕਰ ਦੇਵੇਗੀ। ਅਜਿਹੇ ਹੀ ਇਕ ਮਾਮਲੇ ਵਿਚ ਹਾਲ ਹੀ ਵਿਚ ਪਟਿਆਲਾ ਜ਼ਿਲ੍ਹੇ ਦੇ ਇਕ ਵਿਦਿਆਰਥੀ ਨੂੰ ਡਿਪੋਰਟ ਕੀਤਾ ਗਿਆ ਹੈ। ਉਥੇ ਪਹੁੰਚ ਕੇ ਜਦ ਉਸ ਕੋਲੋਂ ਪੁਛਿਆ ਗਿਆ ਕਿ ਉਹ ਇੱਥੇ ਕਿਹੜਾ ਕੋਰਸ ਕਰਨ ਆਇਆ ਹੈ ਅਤੇ ਕਿਸ ਕਾਲਜ ਵਿਚ ਉਸ ਦਾ ਦਾਖ਼ਲਾ ਹੋਇਆ ਹੈ ਤਾਂ ਉਹ ਇਹ ਵੀ ਨਹੀਂ ਦੱਸ ਸਕਿਆ।  ਇਹੀ ਨਹੀਂ  ਇਕ ਫਾਰਮ ਜੋ ਵਿਦਿਆਰਥੀ ਨੂੰ ਅਪਣੇ ਹੱਥ ਨਾਲ ਭਰਨਾ ਹੁੰਦਾ ਹੈ ਉਹ ਵੀ ਉਸ ਦੀ ਭੈਣ ਨੇ ਭਰ ਕੇ ਦਿੱਤਾ ਸੀ। ਅਜਿਹੇ ਵਿਚ ਉਸ ਦੀ ਸਿੱਖਿਆ ਅਤੇ ਇੰਗਲਿਸ਼ ਦੇ ਗਿਆਨ 'ਤੇ ਇਮੀਗਰੇਸ਼ਨ ਅਥਾਰਿਟੀ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਉਸ ਵਿਦਿਆਰਥੀ ਨੂੰ ਕੈਨੇਡਾ ਵਿਚ ਐਂਟਰ ਨਹੀਂ ਹੋਣ ਦਿੱਤਾ ਅਤੇ ਉਸ ਨੂੰ ਏਅਰਪੋਰਟ ਤੋਂ ਹੀ ਵਾਪਸ ਮੋੜ ਦਿੱਤਾ।

ਹੋਰ ਖਬਰਾਂ »