ਕਰਾਚੀ, 11 ਅਗਸਤ, (ਹ.ਬ.) : ਪਾਕਿਸਤਾਨ ਦੇ ਸਿੰਧ ਸੂਬੇ ਵਿਚ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਔਰਤਾਂ ਨੂੰ ਦੁਬਾਰਾ ਵਿਆਹ ਕਰਵਾਉਣ ਦੀ ਇਜਾਜ਼ਤ ਮਿਲ ਗਈ ਹੈ। ਅਜਿਹਾ ਸੂਬਾ ਅਸੈਂਬਲੀ ਵੱਲੋਂ ਕਾਨੂੰਨ ਵਿਚ ਕੀਤੀ ਸੋਧ ਕਾਰਨ ਸੰਭਵ ਹੋ ਸਕਿਆ ਹੈ। ਇਸ ਤੋਂ ਪਹਿਲਾਂ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਔਰਤ ਨੂੰ ਮੁੜ ਵਿਆਹ ਕਰਵਾਉਣ ਦੀ ਇਜਾਜ਼ਤ ਨਹੀਂ ਸੀ। ਰਿਪੋਰਟ ਅਨੁਸਾਰ ਸਿੰਧ ਹਿੰਦੂ ਵਿਆਹ (ਸੋਧ) ਬਿੱਲ 2018 ਵਿਚ ਨਾ ਕੇਵਲ ਤਲਾਕਸ਼ੁਦਾ ਜਾਂ ਵਿਧਵਾ ਔਰਤਾਂ ਨੂੰ ਦੁਬਾਰਾ ਵਿਆਹ ਦਾ ਅਧਿਕਾਰ ਮਿਲਿਆ ਹੈ ਸਗੋਂ ਤਲਾਕਸ਼ੁਦਾ ਔਰਤਾਂ ਤੇ ਉਨ੍ਹਾਂ ਦੇ ਬੱਚਿਆਂ ਨੂੰ ਵਿੱਤੀ ਸੁਰੱਖਿਆ ਵੀ ਮਿਲੀ ਹੈ। ਇਹ ਸੋਧ ਬਿੱਲ ਪਾਕਿਸਤਾਨ ਮੁਸਲਿਮ ਲੀਗ ਦੇ ਆਗੂ ਨੰਦ ਕੁਮਾਰ ਵੱਲੋਂ ਪੇਸ਼ ਕੀਤਾ ਗਿਆ ਸੀ ਤੇ ਇਸ ਸਾਲ ਮਾਰਚ ਮਹੀਨੇ ਵਿਚ ਸਿੰਧ ਅਸੈਂਬਲੀ ਨੇ ਇਸ ਨੂੰ ਮਨਜ਼ੂਰੀ ਦਿੱਤੀ ਸੀ। ਇਸ ਐਕਟ ਦੇ ਲਾਗੂ ਹੋਣ ਤੋਂ ਪਹਿਲੇ ਤੇ ਬਾਅਦ ਦੀਆਂ ਸਬੰਧਤ ਧਿਰਾਂ ਤਲਾਕ ਲਈ ਅਦਾਲਤ ਵਿਚ ਆਪਣੀ ਅਰਜ਼ੀ ਦੇ ਸਕਦੀਆਂ ਹਨ। ਇਸ ਨਵੇਂ ਕਾਨੂੰਨ ਅਨੁਸਾਰ ਹਿੰਦੂ ਭਾਈਚਾਰੇ ਵਿਚ ਨਾਬਾਲਿਗ ਲੜਕੀਆਂ ਦੇ ਵਿਆਹ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਪਾਕਿਸਤਾਨ ਮੁਸਲਿਮ ਲੀਗ ਦੇ ਆਗੂ ਨੰਦ ਕੁਮਾਰ ਨੇ ਦੱਸਿਆ ਕਿ ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਨਾਬਾਲਿਗ ਹਿੰਦੂ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ 'ਤੇ ਵੀ ਠੱਲ ਪੈ ਗਈ ਹੈ। ਨੰਦ ਕੁਮਾਰ ਨੇ ਘੱਟ ਗਿਣਤੀ ਧਾਰਮਿਕ ਫਿਰਕਿਆਂ ਦੇ ਲੋਕਾਂ ਦੇ ਜਬਰੀ ਧਰਮ ਪਰਿਵਰਤਨ 'ਤੇ ਰੋਕ ਲਈ ਵੀ ਇਕ ਬਿੱਲ ਸਿੰਧ ਅਸੈਂਬਲੀ ਵਿਚ ਪੇਸ਼ ਕੀਤਾ ਸੀ ਜੋ ਕਿ ਅਜੇ ਤਕ ਸਕੱਤਰੇਤ ਵਿਚ ਲਟਕਦਾ ਪਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਵੇਂ ਕਾਨੂੰਨ ਨਾਲ ਪੁਰਾਣੀਆਂ ਰਵਾਇਤੀ ਪਾਬੰਦੀਆਂ 'ਤੇ ਵੀ ਰੋਕ ਲੱਗੀ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਸੁਪਰੀਮੋ ਬਿਲਾਵਲ ਭੁੱਟੋ ਤੇ ਹੋਰ ਪਾਰਟੀ ਆਗੂਆਂ ਦੇ ਦਖਲ ਨਾਲ ਹੀ ਇਹ ਸੋਧ ਬਿੱਲ ਕਾਨੂੰਨ ਬਣ ਸਕਿਆ ਤੇ ਉਥੋਂ ਦੇ ਰਾਜਪਾਲ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਪਹਿਲੇ ਪਿਛਲੇ ਸੱਤ ਦਹਾਕਿਆਂ ਦੌਰਾਨ ਤਲਾਕਸ਼ੁਦਾ ਜਾਂ ਵਿਧਵਾ ਹਿੰਦੂ ਔਰਤਾਂ ਨੂੰ ਕੋਈ ਸਮਾਜਿਕ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਗਈ ਸੀ।

ਹੋਰ ਖਬਰਾਂ »

ਅੰਤਰਰਾਸ਼ਟਰੀ