ਸੁਖਬੀਰ ਸਿੰਘ ਇੰਸਾਂ ਆਪਣੇ ਡੇਰੇ ਨਾਲ ਸਬੰਧਾਂ ਅਤੇ ਗੋਲੀ ਦਾ ਹੁਕਮ ਕਿਸ ਨੇ ਦਿੱਤਾ ਬਾਰੇ ਸਪੱਸ਼ਟ ਕਰਨ

ਖੇਮਕਰਨ, 9ਸਤੰਬਰ (ਹ.ਬ.) :   ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਨੂੰ ਡੇਰੇ ਨਾਲ ਆਪਣੇ ਸਬੰਧਾਂ ਅਤੇ ਬਹਿਬਲ ਕਲਾਂ ਗੋਲੀਕਾਂਡ ਵਿਚ ਆਪਣੀ ਭੁਮਿਕਾ ਬਾਰੇ ਸਪੱਸ਼ਟ ਕਰਨ ਦੀ ਵੰਗਾਰ ਪਾਉਂਦਿਆਂ ਕਿਹਾ ਹੈ ਕਿ ਆਪਣੀ ਸਰਕਾਰ ਦੇ ਸਮੇਂ ਵਾਪਰੀਆਂ ਘਟਨਾਵਾਂ ਦੀ ਜਿੰਮੇਵਾਰੀ ਤੋਂ ਸੁਖਬੀਰ ਸਿੰਘ ਇੰਸਾਂ ਭੱਜ ਨਹੀਂ ਸਕਦੇ ਹਨ।ਅੱਜ ਇੱਥੇ ਇਕ ਜਨਤਕ ਰੈਲੀ ਨੂੰ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦੀ ਹਾਜਰੀ ਵਿਚ ਸੰਬੋਧਨ ਕਰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਪੂਰਾ ਪੰਜਾਬ ਸੁਖਬੀਰ ਸਿੰਘ ਇੰਸਾਂ ਸਮੇਤ ਇਸ ਦੇ  ਆਗੂਆਂ ਤੋਂ ਪੰਥ ਨਾਲ ਕੀਤੀ ਗਦਾਰੀ ਲਈ ਜਵਾਬ ਮੰਗ ਰਿਹਾ ਹੈ ਜਦ ਕਿ ਅਕਾਲੀ ਆਗੂ ਬਹਿਬਲ ਕਲਾਂ ਵਿਖੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਵਰਗੇ ਸਧਾਰਨ ਸਵਾਲ ਦਾ ਜਵਾਬ ਦੇਣ ਦੀ ਬਜਾਏ ਰੈਲੀਆਂ ਕਰਨ ਦੇ ਪਾਖੰਡ ਕਰ ਰਹੇ ਹਨ। ਉਨਾਂ ਕਿਹਾ ਕਿ ਅਕਾਲੀ ਦਲ ਦੇ ਕਈ ਸੀਨੀਅਰ ਆਗੂ ਖੁਦ ਅਕਾਲੀ ਸਰਕਾਰ ਦੇ ਫੈਸਲਿਆਂ ਤੇ ਉਂਗਲ ਚੁੱਕ ਚੁੱਕੇ ਹਨ ਤਾਂ ਕੀ ਹੁਣ ਸੁਖਬੀਰ ਸਿੰਘ ਬਾਦਲ ਉਨਾਂ ਦੇ ਦਰਾਂ ਮੁਹਰੇ ਵੀ ਰੈਲੀ ਕਰਣਗੇ। ਉਨਾਂ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਰਿਹਾ ਹੈ ਕਿ ਕੌਮ ਨਾਲ ਗਦਾਰੀ ਕਰਨ ਵਾਲਿਆਂ ਨੂੰੂ ਕਦੇ ਮਾਫ ਨਹੀਂ ਕੀਤਾ ਜਾਂਦਾ ਹੈ ਜਦ ਕਿ ਸੁਖਬੀਰ ਸਿੰਘ ਇੰਸਾਂ ਨੇ ਆਪਣੀ ਡੇਰੇ ਨਾਲ ਸਾਂਝ ਪੁਗਾਉਣ ਅਤੇ ਆਪਣੇ ਸਿਆਸੀ ਹਿੱਤਾਂ ਲਈ ਆਪਣੇ ਧਰਮ ਨਾਲ ਹੀ ਦਗਾ ਕੀਤਾ ਹੈ। ਉਨਾਂ ਨੇ ਕਿਹਾ ਕਿ ਜੋ ਇਨਸਾਨ ਆਪਣੇ ਧਰਮ ਦੇ ਨਹੀਂ ਹੋਏ ਉਹ ਹੋਰ ਕਿਸੇ ਦੀ ਕੀ ਸਕੇ ਹੋਣਗੇ।
ਸੁਨੀਲ ਜਾਖੜ ਨੇ ਹਜਾਰਾਂ ਲੋਕਾਂ ਦੇ ਇਸ ਇੱਕਠ ਨੂੰ ਯਾਦ ਕਰਵਾਇਆ ਕਿ 2015 ਵਿਚ ਅਕਾਲੀ ਸਰਕਾਰ ਦੀ ਨਲਾਇਕੀ ਨਾਲ ਵਿਕੀਆਂ ਮਿਲਾਵਟੀ ਜਹਿਰਾਂ ਕਾਰਨ ਬੇਕਾਬੂ ਹੋਈ ਚਿੱਟੀ ਮੱਖੀ ਤੋਂ ਬਾਅਦ ਕਿਸਾਨ ਅੰਦੋਲਣ ਹੋ ਰਹੇ ਸਨ ਜਾਂ ਡੇਰਾ ਮੁੱਖੀ ਦੀ ਫਿਲਮ ਲਈ ਮਾਲਵੇ ਵਿਚ ਵੱਡੇ ਪੱਧਰ ਤੇ ਧਰਨੇ ਮੁਜਾਹਰੇ ਹੋ ਰਹੇ ਸਨ ਅਤੇ ਵੱਡੀ ਗਿਣਤੀ ਵਿਚ ਟ੍ਰੇਨਾਂ ਰੋਕੀਆਂ ਗਈਆਂ ਸਨ ਤਾਂ ਸੁਖਬੀਰ ਸਿੰਘ ਇੰਸਾਂ ਦੀ ਸਰਕਾਰ ਨੇ ਕਿਤੇ ਵੀ ਧਰਨੇ ਚੁਕਾਉਣ ਲਈ ਕਿਤੇ ਵੀ ਕੋਈ ਕਾਹਲੀ ਨਹੀਂ ਵਿਖਾਈ ਫਿਰ ਇਕ ਪਿੰਡ ਵਿਚ ਸਾਂਤਮਈ ਤਰੀਕੇ ਨਾਲ ਪਾਠ ਕਰ ਰਹੀਆਂ ਸੰਗਤਾਂ ਤੇ ਗੋਲੀ ਚਲਾਉਣ ਪਿੱਛੇ ਸਰਕਾਰ ਦੇ ਕਿਹੜੇ ਲੁਕਵੇਂ ਹਿੱਤ ਸਨ ਇਸ ਦਾ ਜਵਾਬ ਸੁਖਬੀਰ ਸਿੰਘ ਇੰਸਾਂ ਨੂੰ ਦੇਣਾ ਚਾਹੀਦਾ ਹੈ।
ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਵਿਚ ਹੋਏ ਫੈਸਲੇ ਅਨੁਸਾਰ ਬਹਿਬਲ ਕਲਾਂ ਅਤੇ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦੇ ਦੋਸੀਆਂ ਨੂੰ ਕਾਨੂੰਨ ਅਨੁਸਾਰ ਸਜਾ ਦਿਵਾਈ ਜਾਵੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਦੀ ਲੁੱਟ ਦੇ ਭੇਦ ਵੀ ਲੋਕਾਂ ਵਿਚ ਖੋਲਦਿਆਂ ਦੱਸਿਆ ਕਿ ਜਦ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਵਿਦੇਸ਼ ਤੋਂ ਮਹਿੰਗਾ ਕੱਚਾ ਤੇਲ ਖਰੀਦ ਕਰਕੇ ਵੀ ਮਨਮੋਹਨ ਸਿੰਘ ਸਰਕਾਰ ਦੇਸ਼ਵਾਸੀਆਂ ਨੂੰ ਸਸਤਾ ਡੀਜਲ ਅਤੇ ਪੈਟ੍ਰੋਲ ਮੁਹਈਆ ਕਰਵਾ ਰਹੀ ਸੀ ਪਰ ਮੋਦੀ ਸਰਕਾਰ ਸਸਤਾ ਕੱਚਾ ਤੇਲ ਖਰੀਦ ਕੇ ਮਹਿੰਗਾ ਡੀਜਲ ਵੇਚ ਰਹੀ ਹੈ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫਸਲਾਂ ਤੇ ਐਮ.ਐਸ.ਪੀ. ਵਿਚ ਜੋ ਵਾਧਾ ਕੀਤਾ ਹੈ ਉਸ ਨਾਲੋਂ ਕਿਤੇ ਵੱਧ ਖਰਚ ਤਾਂ ਸਿਰਫ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਹੀ ਹੋ ਜਾਵੇਗਾ। ਉਨਾਂ ਦੱਸਿਆ ਕਿ ਡੀਜਲ ਅਤੇ ਹੋਰ ਵਸਤਾਂ ਦੀ ਮਹਿੰਗਾਈ ਖਿਲਾਫ ਕਾਂਗਰਸ ਵੱਲੋਂ 10 ਸਤੰਬਰ ਨੂੰ ਦਿੱਤੇ ਭਾਰਤ ਬੰਦ ਦੇ ਸੱਦੇ ਤੇ ਸਾਂਤਮਈ ਤਰੀਕੇ ਨਾਲ ਬੰਦ ਰੱਖਿਆ ਜਾਵੇਗਾ। ਉਨਾਂ ਸਮੂਹ ਪੰਜਾਬੀਆਂ ਨੂੰ ਇਸ ਬੰਦ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਮੋਦੀ ਸਰਕਾਰ ਨੂੰ ਜਗਾਉਣ ਲਈ ਇਹ ਜਰੂਰੀ ਹੈ। ਜਾਖੜ ਨੇ ਦੱਸਿਆ ਕਿ 10 ਸਾਲ ਤੱਕ ਪੰਜਾਬ ਵਿਚ ਰਹੇ ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿਚ ਸੂਬੇ ਦਾ ਵੱਡਾ ਨੁਕਸਾਨ ਹੋਇਆ ਹੈ। ਉਨਾਂ ਨੇ ਕਿਹਾ ਕਿ 10 ਸਾਲਾਂ ਵਿਚ ਪੰਜਾਬ ਬਹੁਤ ਪਿੱਛੇ ਚਲਾ ਗਿਆ ਸੀ ਅਤੇ ਜਾਂਦੀ ਵਾਰ ਵੀ ਅਕਾਲੀ ਭਾਜਪਾ ਸਰਕਾਰ 31000 ਕਰੋੜ ਦਾ ਬੋਝ ਸੂਬੇ ਸਿਰ ਪਾ ਗਈ ਸੀ ਜਿਸ ਦੀ ਮਾਫੀ ਲਈ ਕੈਪਟਨ ਸਰਕਾਰ ਲਗਾਤਾਰ ਕੋਸ਼ਿਸਾਂ ਕਰ ਰਹੀ ਹੈ। ਇਸ ਮੌਕੇ ਉਨਾਂ ਨੇ ਸੂਬਾ ਸਰਕਾਰ ਵੱਲੋਂ ਰਾਜ ਦੇ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਉਨਾਂ ਨੇ ਸ਼ਹੀਦ ਅਬਦੁਲ ਹਾਮੀਦ ਦੀ ਸਮਾਧ ਤੇ ਜਾ ਕੇ ਉਨਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ।

ਹੋਰ ਖਬਰਾਂ »