ਵੈਨਕੁਵਰ ਦੇ 46 ਸਾਲਾ ਜੈਸਨ ਅਕੂਜ਼ ਵਜੋਂ ਹੋਈ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਦੀ ਪਛਾਣ

ਵੈਨਕੁਵਰ, 9 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਵੈਨਕੁਵਰ ਪੁਲਿਸ ਨੇ ਘਰਾਂ ਨੂੰ ਅੱਗ ਲਾਉਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਦੀ ਵੀਡੀਓ ਕੁਝ ਦਿਨ ਪਹਿਲਾਂ ਜਾਰੀ ਕੀਤੀ ਗਈ ਸੀ। ਪੂਰਬੀ ਵੈਨਕੁਵਰ ਵਿੱਚ ਉਸ ਵੱਲੋਂ ਲਾਈ ਗਈ ਅੱਗ ਕਾਰਨ 1 ਲੱਖ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਦੀ ਪਛਾਣ ਵੈਨਕੁਵਰ ਦੇ 46 ਸਾਲਾ ਜੈਸਨ ਅਕੂਜ਼ ਵਜੋਂ ਹੋਈ ਹੈ। ਪੁਲਿਸ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਜੈਸਨ ਅਕੂਜ਼ ਕੌਪਲੇ ਸਟਰੀਟ ਵਿਖੇ ਨਨਾਇਮੋ ਸਟਰੀਟ ਦੇ ਪੂਰਬੀ ਲਾਈਨ ਵਿੱਚ ਪੈਦਲ ਚਲਦਾ ਹੋਇਆ ਦਿਖਾਈ ਦੇ ਰਿਹਾ ਸੀ। ਉਸ ਨੇ ਆਪਣੇ ਹੱਥਾਂ ਵਿੱਚ ਕੋਈ ਚੀਜ਼ ਫੜੀ ਹੋਈ ਸੀ, ਜੋ ਕਿ ਉਸ ਨੇ ਇੱਕ ਘਰ ਦੇ ਪਿੱਛੇ ਰੱਖ ਦਿੱਤੀ। ਇਸ ਕਾਰਨ ਘਰ ਨੂੰ ਅੱਗ ਲੱਗ ਗਈ। ਇਸ ਮਗਰੋਂ ਉਹੋ ਉੱਥੋਂ ਫਰਾਰ ਹੋ ਗਿਆ। ਉਸ ਵੱਲੋਂ ਲਾਈ ਅੱਗ ਕਾਰਨ 1 ਲੱਖ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ।ਵੈਨਕੁਵਰ ਫਾਇਰ ਐਂਡ ਰੈਸਕਿਊ ਸਰਵਿਸਜ਼ ਨੇ ਬੜੀ ਮੁਸ਼ੱਕਤ ਬਾਅਦ ਅੱਗ ਉੱਤੇ ਕਾਬੂ ਪਾਇਆ। ਇਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਇੱਕ ਘਰ, ਦੋ ਗੈਰੇਜ, ਇੱਕ ਵਾਹਨ ਅਤੇ ਇੱਕ ਯੂਟੀਲਿਟੀ ਪੋਲ ਇਸ ਅੱਗ ਦੀ ਭੇਟ ਚੜ੍ਹ ਗਏ।ਸਾਰਜੈਂਟ ਜੈਸਨ ਰੋਬਿਲਾਰਡ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਿਹਾਇਸ਼ੀ ਖੇਤਰ ਵਿੱਚ ਗਰਮੀਆਂ ਦੌਰਾਨ ਅੱਗ ਲੱਗਣਾ ਖ਼ਤਰਨਾਕ ਹੈ, ਕਿਉਂਕਿ ਇੱਥੇ ਅੱਗ ਬਹੁਤ ਛੇਤੀ ਫੈਲਦੀ ਹੈ, ਜਿਸ ਕਾਰਨ ਵੱਡਾ ਨੁਕਸਾਨ ਹੋਣ ਦਾ ਖ਼ਤਰਾ ਰਹਿੰਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.