ਪ੍ਰਸ਼ਾਂਤ ਭੂਸ਼ਣ ਨੇ ਲਾਇਆ ਦੋਸ਼, ਰਾਫੇਲ ਨੂੰ ਸੌਦੇ ਨੂੰ ਦੱਸਿਆ ਵੱਡਾ ਘੋਟਾਲਾ

ਨਵੀਂ ਦਿੱਲੀ, 9 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਰਾਫੇਲ ਸੌਦੇ ਨੂੰ ਲੈ ਕੇ ਭਾਰਤ ਵਿੱਚ ਜਾਰੀ ਸਿਆਸਤ ਦੇ ਵਿਚਕਾਰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਅਨਿਲ ਅੰਬਾਨੀ ਉੱਤੇ ਵੱਡਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਆਫਸੈਟ ਕਰਾਰ ਰਾਹੀਂ ਅਨਿਲ ਅੰਬਾਨੀ ਦੇ ਰਿਲਾਇੰਸ ਸਮੂਹ ਨੂੰ 21 ਹਜਾਰ ਕਰੋੜ ਰੁਪਏ ਕਮਿਸ਼ਨ ਦੇ ਰੂਪ ਵਿੱਚ ਮਿਲੇ। ਪ੍ਰਸ਼ਾਂਤ ਭੂਸ਼ਣ ਨੇ ਰਾਫੇਲ ਸੌਦੇ ਨੂੰ ਇੱਕ ਵੱਡਾ ਘੋਟਾਲਾ ਦੱਸਦੇ ਹੋਏ ਇਸ ਦੀ ਤੁਲਨਾ 1980 ਦੇ ਦਹਾਕੇ ਵਿੱਚ ਹੋਏ ਬੋਫੋਰਸ ਸੌਦੇ ਨਾਲ ਕੀਤੀ। ਰਾਫੇਲ ਸੌਦੇ ਨੂੰ ਲੈ ਕੇ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਇਹ ਅਜਿਹਾ ਘੋਟਾਲਾ ਹੈ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ 1980 ਦੇ ਦਹਾਕੇ ਵਿੱਚ ਹੋਇਆ ਬੋਫੋਰਸ 64 ਕਰੋੜ ਰੁਪਏ ਦੀ ਘੋਟਾਲਾ ਸੀ, ਜਿਸ ਵਿੱਚ 4 ਫੀਸਦੀ ਕਮਿਸ਼ਨ ਦਿੱਤੀ ਗਈ ਸੀ, ਪਰ ਰਾਫੇਲ ਘੋਟਾਲੇ ਵਿੱਚ ਕਮਿਸ਼ਨ ਘੱਟ ਤੋਂ ਘੱਟ 30 ਫੀਸਦੀ ਹੈ। ਪ੍ਰਸ਼ਾਂਤ ਭੂਸ਼ਣ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅਨਿਲ ਅੰਬਾਨੀ ਨੂੰ ਦਿੱਤੇ ਗਏ 21 ਹਜਾਰ ਕਰੋੜ ਰੁਪਏ ਕੇਵਲ ਕਮਿਸ਼ਨ ਹਨ, ਹੋਰ ਕੁਝ ਨਹੀਂ। ਪ੍ਰਸ਼ਾਂਤ ਭੂਸ਼ਣ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਹਵਾਈ ਫੌਜ ਨੂੰ 126 ਜਹਾਜਾਂ ਦੀ ਲੋੜ ਸੀ, ਪਰ ਉਨ੍ਹਾਂ ਨੇ ਆਪਣੀਆਂ ਲੋੜਾਂ ਨੂੰ ਘੱਟ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਭੇਦ ਗੁਪਤ ਰੱਖਣ ਸਬੰਧੀ ਉਪਧਾਰਾ ਦੇ ਨਾਂ ਉੱਤੇ ਜਾਣਕਾਰੀ ਦੇਣ ਤੋਂ ਮਨ੍ਹਾਂ ਕਰਨ ਨੂੰ ਲੈ ਕੇ ਸਰਕਾਰ ਉੱਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਰਾਫੇਲ ਸੌਦੇ ਦੀ ਸਾਂਝੀ ਕਮੇਟੀ ਤੋਂ ਜਾਂਚ ਕਰਵਾਉਣ ਦੀ ਵਿਰੋਧੀ ਧਿਰ ਦੀ ਮੰਗ ਬਿਲਕੁਲ ਜਾਇਜ਼ ਹੈ। ਇਸ ਤੋਂ ਪਹਿਲਾਂ ਅਨਿਲ ਅੰਬਾਨੀ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ। ਦੱਸ ਦੇਈਏ ਕਿ ਰਾਫੇਲ ਸੌਦੇ ਨੂੰ ਲੈ ਕੇ ਕਾਂਗਰਸ ਲਗਾਤਾਰ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਦੋਸ਼ ਲਾ ਰਹੀ ਹੈ ਕਿ ਇਸ ਸਮਝੌਤੇ ਰਾਹੀਂ ਅੰਬਾਨੀ ਸਮੂਹ ਨੂੰ ਲਾਭ ਪਹੁੰਚਾਇਆ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.