ਗੈਂਗਸਟਰ ਆਕਾਸ਼ ਕੋਲੋਂ ਪੁੱਛਗਿੱਛ ਤੋਂ ਬਾਅਦ ਦਬੋਚਿਆ

ਮੋਹਾਲੀ, 2 ਅਕਤੂਬਰ, (ਹ.ਬ.) : ਗਾਇਕ ਪਰਮੀਸ਼ ਵਰਮਾ  'ਤੇ ਅਪ੍ਰੈਲ ਵਿਚ ਹੋਏ ਕਾਤਲਾਨਾ ਹਮਲੇ ਵਿਚ ਪੁਲਿਸ ਨੇ ਰਿਮਾਂਡ 'ਤੇ ਚਲ ਰਹੇ ਗੈਂਗਸਟਰ ਹਰਜਿੰਦਰ ਸਿੰਘ ਉਰਫ ਆਕਾਸ਼ ਕੋਲੋਂ ਪੁਛਗਿੱਛ ਤੋਂ ਬਾਅਦ ਚੰਡੀਗੜ੍ਹ ਤੋਂ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਰੇਨੂੰ ਨਿਵਾਸੀ ਖੁੱਡਾ ਅਲੀ ਸ਼ੇਰ ਦੇ ਰੂਪ ਵਿਚ ਹੋਈ ਹੈ।  ਔਰਤ ਸਰਕਾਰੀ ਦਫ਼ਤਰ ਵਿਚ ਐਡਹਾਕ 'ਤੇ ਨੌਕਰੀ ਕਰਦੀ ਸੀ। ਉਸ ਨੂੰ ਪੁਲਿਸ ਨੇ ਧਾਰਾ 120 ਬੀ ਦੇ ਤਹਿਤ ਕਾਬੂ ਕੀਤਾ।  ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ , ਅਦਾਲਤ ਨੇ ਉਸ ਨੂੰ 3 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ।  ਪਰਮੀਸ 'ਤੇ ਹੋਏ ਹਮਲੇ ਦੇ ਸਬੰਧ ਵਿਚ ਕੁਝ ਦਿਨ ਪਹਿਲਾਂ ਮੋਹਾਲੀ ਪੁਲਿਸ ਗੈਂਗਸਟਰ ਆਕਾਸ਼ ਨੂੰ ਪ੍ਰੋਡਕਸ਼ਨ ਵਾਰੰਟ 'ਤੇ  ਲੈ ਕੇ ਆਈ ਸੀ। ਪੁਛਗਿੱਛ ਵਿਚ ਉਸ ਨੇ ਰੇਨੂੰ ਦਾ ਨਾਂ ਲਿਆ।  ਇਸ ਕੇਸ ਵਿਚ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਉਸ ਦੀ ਦੋ ਮਹਿਲਾ ਮਿੱਤਰਾਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਦੱਸਣਯੋਗ ਹੈ ਕਿ 14 ਅਪ੍ਰੈਲ, 2018 ਦੀ ਦੇਰ ਰਾਤ ਸਾਢੇ 12 ਵਜੇ ਦੇ ਕਰੀਬ ਗਾਇਕ ਪਰਮੀਸ਼ ਵਰਮਾ 'ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ। ਜਦ ਉਹ ਮੋਹਾਲੀ ਦੇ ਸੈਕਟਰ 91 ਸਥਿਤ ਅਪਣੇ ਘਰ ਨੂੰ ਕਾਰ ਵਿਚ  ਆ ਰਿਹਾ ਸੀ। ਇਸ ਹਮਲੇ ਵਿਚ ਪਰਮੀਸ਼ ਵਰਮਾ ਅਤੇ ਉਸ ਦਾ ਦੋਸਤ ਕੁਲਵੰਤ ਸਿੰਘ ਚਾਹਲ ਵੀ ਜ਼ਖਮੀ ਹੋ ਗਿਆ ਸੀ। ਇਸ ਤੋਂ ਬਾਅਦ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਹਮਲਾ ਕਰਨ ਦੀ ਜ਼ਿੰਮੇਵਾਰੀ ਲਈ ਸੀ।

ਹੋਰ ਖਬਰਾਂ »