ਵਾਸ਼ਿੰਗਟਨ, 6 ਅਕਤੂਬਰ, (ਹ.ਬ.) : ਅਮਰੀਕਾ ਵਿਚ ਸੁਪਰੀਮ ਕੋਰਟ ਵਿਚ ਜਸਟਿਸ ਅਹੁਦੇ ਦੇ ਲਈ ਰਾਸ਼ਟਰਪਤੀ ਡੋਨਾਲਡ ਟਰੰਪ  ਵਲੋਂ ਨਾਮਜ਼ਦ ਬਰੇਟ ਕੈਵੇਨਾਗ ਨੂੰ ਮੁਢਲੀ ਕਾਮਯਾਬੀ ਮਿਲ ਗਈ ਹੈ।  ਸ਼ੁੱਕਰਵਾਰ ਨੂੰ ਅਮਰੀਕੀ ਸੰਸਦ ਨੇ ਉਨ੍ਹਾਂ ਦੀ ਨਿਯੁਕਤੀ ਦੇ ਮੁਢਲੇ ਪ੍ਰਸਤਾਵ ਨੂੰ ਮਾਮੂਲੀ ਫਰਕ ਨਾਲ ਮਨਜ਼ੂਰੀ ਦੇ ਦਿੱਤੀ। ਉਂਜ ਕੈਵੇਨਾਗ ਅਪਣੇ ਨਾਂ ਦੇ ਐਲਾਨ ਤੋਂ ਬਾਅਦ ਹੀ ਸਰੀਰਕ ਸ਼ੋਸ਼ਣ ਦੇ ਕਈ ਦੋਸ਼ਾਂ ਨਾਲ ਜੂਝ ਰਹੇ ਹਨ।ਉਨ੍ਹਾਂ 'ਤੇ ਤਿੰਨ ਔਰਤਾਂ ਨੇ 35 ਤੋਂ 40 ਸਾਲ ਪਹਿਲਾਂ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਹਨ। ਕੈਵੇਨਾਗ ਦੀ ਨਿਯੁਕਤੀ ਨਾਲ ਸਬੰਧਤ ਪ੍ਰਸਤਾਵ ਦੇ ਸਮਰਥਨ ਵਿਚ 51 ਵੋਟਾਂ ਪਈਆਂ ਜਦ ਕਿ ਵਿਰੋਧ ਵਿਚ 49 ਵੋਟਾਂ ਪਈਆਂ। ਸੈਨੇਟ ਵਿਚ  ਸੱਤਾਧਾਰੀ ਰਿਪਬਲਿਕਨ ਪਾਰਟੀ ਦਾ ਬਹੁਮਤ ਹੈ।  ਸਦਨ ਦੇ ਰੁਖ ਨਾਲ ਸਾਫ ਹੋ ਗਿਆ ਹੈ ਕਿ ਮਤਭੇਦ ਕਿੰਨੇ ਹੀ ਹੋਣ ਰਿਪਬਲਿਕਨ ਪਾਰਟੀ ਰਾਸ਼ਟਰਪਤੀ ਟਰੰਪ ਦੇ ਨਾਲ ਖੜ੍ਹੀ ਹੈ। ਕੈਵੇਨਾਗ ਦੀ ਨਿਯੁਕਤੀ ਨੂੰ ਲੈ ਕੇ ਜਿਸ ਤਰ੍ਹਾਂ ਦਾ ਵਿਰੋਧ ਹੋ ਰਿਹਾ ਹੈ ਉਸ ਨਾਲ ਪਾਰਟੀ ਦਾ ਸਮਰਥਨ ਮਿਲਣ ਨਾਲ ਟਰੰਪ ਨਿਸ਼ਚਿਤ ਤੌਰ 'ਤੇ ਮਜ਼ਬੂਤ ਹੋ ਗਏ ਹਨ। ਨਿਯੁਕਤੀ ਨੂੰ ਲੈ ਕੇ ਸੰਸਦ ਵਿਚ ਮਤਦਾਨ ਅੱਜ ਹੋਵੇਗਾ। ਸੰਸਦ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਫੈਡਰਲ ਅਪੀਲ ਕੋਰਟ ਵਿਚ ਜਸਟਿਸ ਕੈਵੇਨਾਗ ਪੂਰੇ ਜੀਵਨ ਦੇ ਲਈ ਸੁਪਰੀਮ ਕੋਰਟ ਦੇ ਜਸਟਿਸ ਬਣ ਜਾਣਗੇ।

ਹੋਰ ਖਬਰਾਂ »