ਚਮਕੌਰ ਸਾਹਿਬ, 31 ਅਕਤੂਬਰ, (ਹ.ਬ.) : ਮਹਿਲਾ ਆਈਐਸ ਅਧਿਕਾਰੀ ਨੂੰ ਮੈਸੇਜ ਭੇਜਣ ਦੇ ਮਾਮਲੇ ਵਿਚ ਉਲਝੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਕਾਲੀ ਦਲ ਇਸ ਮਾਮਲੇ ਨੂੰ ਬੇਵਜ੍ਹਾ ਤੂਲ ਦੇ ਰਿਹਾ ਹੈ, ਮਾਮਲਾ ਹੱਲ ਹੋ ਚੁੱਕਾ ਹੈ। ਮੁੱਖ ਮੰਤਰੀ ਚਾਹੇ ਤਾਂ ਉਨ੍ਹਾਂ ਦਾ ਅਸਤੀਫ਼ਾ ਲੈ ਸਕਦੇ ਹਨ। ਮੁੱਖ ਮੰਤਰੀ ਕਹਿਣਗੇ ਤਾਂ ਮੰਤਰੀ ਅਹੁਦਾ ਛੱਡ ਦੇਵਾਂਗਾ।
ਵਿਦੇਸ਼ ਦੌਰੇ ਤੋਂ ਪਰਤੇ ਚੰਨੀ ਝੋਨੇ ਦੀ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਦੇ ਲਈ ਚਮਕੌਰ ਸਾਹਿਬ ਮੰਡੀ ਪੁੱਜੇ ਸਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਸੇਜ ਅਸ਼ਲੀਲ ਨਹੀਂ ਸੀ ਅਤੇ ਰੂਟੀਨ ਵਿਚ ਹੀ ਉਨ੍ਹਾਂ ਨੇ ਕਈ ਲੋਕਾਂ ਨੂੰ  ਭੇਜਿਆ ਸੀ। ਇਸ ਦੌਰਾਨ ਗਲਤੀ ਕਾਰਨ ਇਹ ਮਹਿਲਾ ਅਧਿਕਾਰੀ ਨੂੰ ਵੀ ਚਲਾ ਗਿਆ। ਉਨ੍ਹਾਂ ਨੇ ਦੂਜੇ ਹੀ ਦਿਨ ਮਹਿਲਾ ਅਧਿਕਾਰੀ ਨਾਲ ਇਸ ਸਬੰਧ ਵਿਚ ਗਲਤੀ ਮੰਨ ਲਈ ਸੀ ਅਤੇ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਇਹ ਮਾਮਲਾ ਹੱਲ ਹੋ ਗਿਆ ਸੀ।  ਉਨ੍ਹਾਂ ਕਿਹਾ ਕਿ ਮਹਿਲਾ ਅਧਿਕਾਰੀ ਨੇ ਉਨ੍ਹਾਂ ਖ਼ਿਲਾਫ਼ ਕੋਈ ਸ਼ਿਕਾਇਤ ਤੱਕ ਨਹੀਂ ਦਿੱਤੀ। ਕਈ ਮਹੀਨਿਆਂ ਬਾਅਦ ਜਾਣ ਬੁੱਝ ਕੇ ਉਸ ਸਮੇਂ ਚੁੱਕਿਆ ਗਿਆ, ਜਦ ਮੁੱਖ ਮੰਤਰੀ ਅਤੇ ਉਹ ਵਿਦੇਸ਼ ਵਿਚ ਸਨ। ਚੰਨੀ ਨੇ ਕਿਹਾ ਕਿ ਉਹ ਮਹਿਲਾਵਾਂ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਦੇ ਦਫ਼ਤਰ ਵਿਚ ਕਈ ਮਹਿਲਾਵਾਂ ਕੰਮ ਕਰਦੀਆਂ ਹਨ। ਮਹਿਲਾ ਕਮਿਸ਼ਨ ਵੀ ਸਾਫ ਕਰ ਚੁੱਕਾ ਹੈ ਕਿ ਉਨ੍ਹਾਂ ਦੇ ਕੋਲ ਕੋਈ ਸ਼ਿਕਾਇਤ ਨਹੀਂ ਆਈ ਹੈ। ਚੰਨੀ ਨੇ ਕਿਹਾ ਕਿ ਬਰਗਾੜੀ ਕਾਂਡ ਅਤੇ ਦਲਿਤ ਮੁੱਦੇ ਚੁੱਕਣ ਦੇ ਕਾਰਨ ਹੀ ਉਨ੍ਹਾਂ ਅਕਾਲੀ ਦਲ ਵਲੋਂ ਘੇਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਨੂੰ ਘੇਰਦੇ ਰਹੇ ਹਨ ਅਤੇ ਅੱਗੇ ਵੀ ਉਹ ਇਨ੍ਹਾਂ ਮੁੱਦਿਆਂ ਤੋਂ ਪਿੱਛੇ ਨਹੀਂ ਹਟਣਗੇ। ਇੱਕ ਸਵਾਲ ਦੇ ਜਵਾਬ ਵਿਚ ਚੰਨੀ ਨੇ ਕਿਹਾ ਕਿ ਉਨ੍ਹਾਂ ਦੇ ਲਈ ਮੰਤਰੀ ਅਹੁਦੇ ਦੀ ਬਜਾਏ ਹਲਕਾ, ਹਲਕੇ ਦੇ ਲੋਕ ਅਤੇ ਉਨ੍ਹਾਂ ਦੀ Îਇੱਜ਼ਤ ਕਾਫੀ ਅਹਿਮੀਅਤ ਰਖਦੀ ਹੈ। ਅਕਾਲੀ ਦਲ ਨੇ ਪਹਿਲਾਂ ਵੀ ਉਨ੍ਹਾਂ 'ਤੇ ਚਾਰ ਵਾਰ ਹਮਲਾ ਕੀਤਾ ਹੈ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਪੁਲਿਸ ਕੇਸ ਵੀ ਦਰਜ ਕਰਵਾਏ ਗਏ। ਇਸ ਤੋਂ ਬਾਅਦ ਵੀ ਉਹ ਨਹੀਂ ਡਰੇ।

ਹੋਰ ਖਬਰਾਂ »