ਚੰਡੀਗੜ੍ਹ,  1 ਨਵੰਬਰ, (ਹ.ਬ.) : ਸਟਰਗਲ ਹੋਰ ਕੁਝ ਬਣਾਏ ਨਾ ਬਣਾਏ ਪਰ ਤੁਹਾਨੂੰ ਇਨਸਾਨ ਜ਼ਰੂਰ ਬਣਾ ਦਿੰਦੀ ਹੈ ਜੋ ਇਨਸਾਨ ਸਟਰਗਲ ਕਰਕੇ ਕੋਈ ਮੁਕਾਮ ਹਾਸਲ ਕਰਦਾ ਹੈ ਉਹ ਉਸ ਦੀ ਅਹਿਮੀਅਤ ਜਾਣਦਾ ਹੈ। ਅਜਿਹਾ ਇਨਸਾਨ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦਾ। ਮੇਰੇ ਪੰਦਰਾਂ ਤੋਂ ਵੀਹ ਸਾਲ ਸਟਰਗਲ ਵਿਚ ਗਏ ਹਨ। ਮੈਂ ਪਿੱਛੇ ਜ਼ਰੂਰ ਰਿਹਾ, ਪਰ ਕਦੇ ਖੁਦ ਨੂੰ ਹਾਰਿਆ ਹੋਇਆ ਨਹੀਂ ਸਮਝਿਆ। ਬਸ ਅਪਣੀ ਸੋਚ ਸਕਾਰਾਤਮਕ ਰੱਖੀ ਅਤੇ ਚਲਦਾ ਚਲਾ ਗਿਆ। ਸਟਰਗਲ ਆਪ ਨੂੰ ਬਹੁਤ ਕੁਝ ਸਿਖਾ ਦਿੰਦਾ ਹੈ। ਜੀਵਨ ਵਿਚ ਕੁਝ ਕਰਨ ਚਾਹੁੰਦੇ ਹਨ ਤਾਂ ਟਾਰਗੈਟ ਸੈੱਟ ਕਰਨਾ ਜ਼ਰੂਰੀ ਹੈ ਅਤੇ ਕੋਸ਼ਿਸ਼ ਕਰਨਾ ਉਸ ਤੋਂ ਵੀ ਅਹਿਮ।  ਸਟਰਗਲ ਦੀ ਅਹਿਮੀਅਤ ਦੱਸਦੇ ਹੋਏ ਇਹ ਬੋਲੇ ਪੰਜਾਬੀ ਐਕਟਰ ਤੇ ਸਿੰਗਰ ਕਰਮਜੀਤ ਅਨਮੋਲ। ਅਪਣੇ ਕਿਰਦਾਰਾਂ ਰਾਹੀਂ ਸਰੋਤਿਆਂ ਨੂੰ ਹਸਾਉਣ ਵਾਲੇ ਕਰਮਜੀਤ ਇੱਕ ਬਿਹਤਰੀਨ ਸਿੰਗਰ ਵੀ ਹਨ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਨ੍ਹਾਂ ਅਪਣੀ ਪਹਿਲੀ ਮਿਊਜ਼ਿਕ ਟੇਪ ਤਦ ਕੱਢੀ ਸੀ ਜਦ ਉਹ ਸਿਰਫ 12ਵੀਂ ਜਮਾਤ ਵਿਚ ਸਨ, ਜੋ ਕਾਫੀ ਹਿਟ ਰਹੀ ਸੀ। ਹਾਲਾਂਕਿ ਗਾਇਕੀ ਦਾ ਉਨ੍ਹਾਂ ਦਾ ਸਫਰ ਫਿਲਮਾਂ ਵਿਚ ਆਉਣ ਤੋਂ ਬਾਅਦ ਹੀ ਪਰਵਾਨ ਚੜ੍ਹਿਆ।
ਕਰਮਜੀਤ ਅਨਮੋਲ ਨੇ ਕਿਹਾ ਮੇਰੀ ਪਹਿਲੀ ਮਿਊਜ਼ਿਕ ਟੇਪ ਬਹੁਤ  ਚਲੀ ਪਰ ਉਸ ਤੋਂ ਜ਼ਿਆਦਾ ਪੈਸੇ ਨਹੀਂ ਆਏ। ਜਦ ਆਪ ਦਾ ਨਾਂ ਬਣ ਜਾਵੇ ਅਤੇ ਫੇਰ ਵੀ ਪੈਸੇ ਨਾ ਮਿਲਣ ਤਾਂ ਫੇਰ ਸਮਝੋ ਉਸ ਤੋਂ ਬੁਰਾ ਕੁਝ  ਹੋਰ ਨਹੀਂ ਹੋ ਸਕਦਾ।  ਸਕੂਟਰ ਲੈਣ ਦੀ ਹੈਸੀਅਤ ਨਹੀਂ ਸੀ ਅਤੇ ਲੋਕ ਪਛਾਣਨ ਲੱਗੇ ਸਨ ਤਾਂ ਬਸ ਵਿਚ ਸਫਰ ਕਰਨਾ ਵੀ ਮੁਸ਼ਕਲ ਸੀ। ਪਿੰਡ ਜਾਣਾ ਹੁੰਦਾ ਸੀ ਤਾਂ ਹਨ੍ਹੇਰੇ ਵਿਚ ਬਸ ਲੈ ਕੇ ਜਾਂ ਦੋਸਤਾਂ ਦਾ ਸਕੂਟਰ ਲੈ ਕੇ ਜਾਂਦਾ ਸੀ। ਫੇਰ ਟਰੈਂਡ ਚਲਿਆ ਜਦ ਗਾਣਿਆਂ 'ਤੇ ਕਾਫੀ ਪੈਸਾ ਖ਼ਰਚ ਕੀਤਾ ਜਾਣ ਲੱਗਾ ਪਰ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ। ਐਕÎਟਿੰਗ ਵਿਚ ਮੈਂ ਬੇਰੋਜ਼ਗਾਰੀ ਕਾਰਨ ਹੀ ਆਇਆ। ਐਕਟਿੰਗ ਵਿਚ ਪਛਾਣ ਦੇ ਨਾਲ ਨਾਲ ਪੈਸਾ ਵੀ ਚੰਗਾ ਮਿਲਿਆ ਅਤੇ ਖੁਸ਼ਕਿਸਮਤੀ ਨਾਲ ਮੇਰਾ ਸਿੰਗਿੰਗ ਕਰੀਅਰ ਵੀ ਰਿਵਾਈਵ ਹੋ ਗਿਆ। ਤਦ ਤੋਂ ਲੈ ਕੇ ਹੁਣ ਤੱਕ ਸਿੰਗਿੰਗ ਦਾ ਸੀਨ ਕਾਫੀ ਬਦਲ ਗਿਆ ਹੈ। ਜੇਕਰ ਆਪ ਵਿਚ ਥੋੜ੍ਹਾ ਵੀ ਟੈਲੰਟ ਹੈ ਤਾਂ ਗਾਣਾ ਰਿਕਾਰਡ ਕਰਕੇ ਫੇਸਬੁੱਕ ਜਾਂ ਯੂ ਟਿਊਬ 'ਤੇ ਅਪਲੋਡ ਕਰ ਦੇਵੇ ਅਤੇ ਫੇਰ ਅਸਾਨੀ ਨਾਲ ਲੱਖਾਂ ਲੋਕਾਂ ਤੱਕ ਪਹੁੰਚ ਸਕਦੇ ਹਨ।  ਹਾਲਾਂਕਿ ਅੱਜਕਲ੍ਹ ਗਾਣੇ  ਸੁਣਨ ਦੀ ਬਜਾਏ ਦੇਖੇ ਜਾ ਰਹੇ ਹਨ। ਗਾਣੇ ਤੋਂ ਜ਼ਿਆਦਾ ਗਾਣੇ ਵਾਲੇ ਦੀ ਸੁੰਦਰਤਾ ਨੂੰ ਤਵੱਜੇ ਦਿੱਤੀ ਜਾਣ ਲੱਗੀ ਹੈ। ਗਾਣਾ ਤਾਂ ਕੰਪਿਊਟਰ ਅਪਣੇ ਆਪ ਹੀ ਗਵਾ ਲੈਂਦਾ ਹੈ।

ਹੋਰ ਖਬਰਾਂ »