ਸੰਗਰੂਰ, 27 ਨਵੰਬਰ, (ਹ.ਬ.) : ਮਾਲੇਰਕੋਟਲਾ ਦੇ ਨਜ਼ਦੀਕੀ ਪਿੰਡ ਮਾਣਕੀ ਵਿਚ ਦੋ ਨਕਾਬਪੋਸ਼ ਲੁਟੇਰੇ ਸਹਿਕਾਰੀ ਸਭਾ ਦੇ ਮੁਲਾਜ਼ਮਾਂ ਦੀ ਅੱਖਾਂ ਵਿਚ ਮਿਰਚਾਂ ਪਾ ਕੇ ਉਨ੍ਹਾ ਕੋਲੋਂ 11 ਲੱਖ ਰੁਪਏ  ਲੁੱਟ ਕੇ ਫਰਾਰ ਹੋ ਗਏ। ਉਕਤ ਮੁਲਾਜ਼ਮ ਪੈਸੇ ਬੈਂਕ ਵਿਚ ਜਮ੍ਹਾ ਕਰਾਉਣ ਜਾ ਰਹੇ ਸਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਮੁਤਾਬਕ ਪਿੰਡ ਮਾਣਕੀ ਵਿਚ ਦੁਪਹਿਰ ਦੋ ਵਜੇ ਦੇ ਕਰੀਬ ਸਹਿਕਾਰੀ ਸਭਾ ਦੇ ਮੁਲਾਜ਼ਮ ਰਾਜਿੰਦਰ ਸਿੰਘ ਸੇਲਜ਼ਮੈਨ ਅਤੇ ਸੇਵਾਦਾਰ ਸ਼ਿੰਗਾਰਾ ਸਿੰਘ 11 ਲੱਖ ਰੁਪਏ ਲੈ ਕੇ ਪਿੰਡ ਫਤਿਹਗੜ੍ਹ ਪੰਜਗਰਾਈਆਂ ਸਥਿਤ ਸੰਗਰੂਰ ਸੈਂਟਰਲ ਕੋਆਪਰੇਟਿਵ ਬੈਂਕ ਵਿਚ ਜਮ੍ਹਾ ਕਰਾਉਣ ਜਾ ਰਹੇ ਸੀ। ਇਸੇ ਦੌਰਾਨ ਰਸਤੇ ਵਿਚ ਬਾਈਕ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਉਨ੍ਹਾਂ ਦੇ ਨਜ਼ਦੀਕ ਆ ਕੇ ਸਕੂਟਰ ਚਲਾ ਰਹੇ ਸੇਲਜ਼ਮੈਨ ਰਾਜਿੰਦਰ ਸਿੰਘ ਦੀ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ। ਇਸ ਕਾਰਨ ਉਨ੍ਹਾਂ ਦਾ ਸਕੂਟਰ ਬੇਕਾਬੂ ਹੋ ਗਿਆ ਤੇ ਦੋਵੇਂ ਥੱਲੇ ਡਿੱਗ ਪਏ।   ਜਦ ਲੁਟੇਰੇ ਸਕੂਟਰ ਵਿਚ ਪਈ ਰਕਮ ਲੁੱਟਣ ਲੱਗੇ ਤਾਂ ਖਿੱਚੋਤਾਣ ਦੇ ਚਲਦਿਆਂ ਲੁਟੇਰਿਆਂ ਨੇ ਸ਼ਿੰਗਾਰਾ ਸਿੰਘ ਦੀ ਲੱਤ ਵਿਚ ਗੋਲੀ ਮਾਰੀ ਅਤੇ ਭੱਜ ਗਏ।  ਜ਼ਖ਼ਮੀ ਸ਼ਿੰਗਾਰਾ ਸਿੰਘ ਨੂੰ ਤੁਰੰਤ ਮਾਲੇਰਕੋਟਲਾ ਹਸਪਤਾਲ  ਲੈ ਜਾਇਆ ਗਿਆ । ਉਥੋਂ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਹੋਰ ਖਬਰਾਂ »