ਬਿਊਨਸ ਆਇਰਸ, 3 ਦਸੰਬਰ, ਹ.ਬ. : ਅਮਰੀਕਾ ਤੇ ਚੀਨ 'ਚ ਵਾਧੂ ਡਿਊਟੀ 'ਤੇ ਆਰਜ਼ੀ ਰੋਕ ਲਗਾਉਣ ਦੀ ਸਹਿਮਤੀ ਬਣ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਰਮਿਆਨ ਅਰਜਨਟੀਨਾ 'ਚ ਵਾਰਤਾ ਹੋਣ ਤੋਂ ਬਾਅਦ ਵਾਈਟ ਹਾਊਸ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ 90 ਦਿਨਾਂ ਅੰਦਰ ਸਮਝੌਤੇ 'ਤੇ ਪਹੁੰਚਣ ਦਾ ਟੀਚਾ ਤੈਅ ਕੀਤਾ ਹੈ।
ਵਾਈਟ ਹਾਊਸ ਨੇ ਇਕ ਬਿਆਨ 'ਚ ਕਿਹਾ ਕਿ ਟਰੰਪ ਇਕ ਜਨਵਰੀ ਨੂੰ ਚੀਨ ਤੋਂ 200 ਅਰਬ ਡਾਲਰ ਦੀ ਦਰਾਮਦ 'ਤੇ ਡਿਊਟੀ ਨੂੰ ਵਧਾ ਕੇ 25 ਫ਼ੀਸਦੀ ਨਾ ਕਰਨ ਲਈ ਸਹਿਮਤ ਹੋ ਗਏ। ਉਨ੍ਹਾਂ ਨੇ ਪਹਿਲਾਂ ਇਕ ਜਨਵਰੀ ਨੂੰ ਡਿਊਟੀ 'ਚ ਵਾਧਾ ਕਰਨ ਦਾ ਐਲਾਨ ਕੀਤਾ ਸੀ। ਚੀਨ ਵੀ ਵੱਡੇ ਪੱਧਰ 'ਤੇ ਖੇਤੀਬਾੜੀ, ਊਰਜਾ, ਉਦਯੋਗਿਕ ਤੇ ਹੋਰ ਸਾਮਾਨ ਖ਼ਰੀਦਣ 'ਤੇ ਰਾਜ਼ੀ ਹੋ ਗਿਆ। ਉਹ ਕਿੰਨੀ ਖ਼ਰੀਦਦਾਰੀ ਕਰੇਗਾ। ਇਸ ਦਾ ਐਲਾਨ ਨਹੀਂ ਕੀਤਾ ਗਿਆ । ਚੀਨ ਨੀਦਰਲੈਂਡ ਦੀ ਕੰਪਨੀ ਐੱਨਐਕਸਪੀ ਸੈਮੀਕੰਡਕਟਰਸ ਨੂੰ ਐਕਵਾਇਰ ਕਰਨ ਲਈ ਅਮਰੀਕੀ ਕੰਪਨੀ ਕਵਾਲਕਾਮ ਦੇ ਸੌਦੇ ਨੂੰ ਵੀ ਮਨਜ਼ੂਰੀ ਦੇ ਸਕਦਾ ਹੈ, ਜੇਕਰ ਇਹ ਪ੍ਰਸਤਾਵ ਮੁੜ ਤੋਂ ਆਵੇ ਚੀਨ ਨੇ ਪਹਿਲਾਂ ਇਸ ਸੌਦੇ ਨੂੰ ਖਾਰਜ ਕਰ ਦਿੱਤਾ ਸੀ।
ਕਵਾਲਕਾਮ ਦੁਨੀਆ ਦੀ ਸਭ ਤੋਂ ਵੱਡੀ ਸਮਾਰਟਫੋਨ ਚਿਪ ਨਿਰਮਾਤਾ ਕੰਪਨੀ ਹੈ ਉਸ ਨੇ 44 ਅਰਬ ਡਾਲਰ 'ਚ ਐੱਨਐਕਸਪੀ ਸੈਮੀਕੰਡਕਟਰ ਨੂੰ ਖ਼ਰੀਦਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਦੇ ਲਈ ਚੀਨ ਦੀ ਰੈਗੂਲੇਟਰੀ ਨੇ ਮਨਜ਼ੂਰੀ ਦੇਣ ਤੋਂ ਜੁਲਾਈ 'ਚ ਇਨਕਾਰ ਕਰ ਦਿੱਤਾ ਸੀ। ਇਸ ਤਰ੍ਹਾਂ ਨਾਲ ਅਮਰੀਕਾ-ਚੀਨ ਵਪਾਰ ਜੰਗ ਤੋਂ ਪ੫ਭਾਵਤ ਹੋਣ ਵਾਲੀ ਇਹ ਪਹਿਲੀ ਵੱਡੀ ਕੰਪਨੀ ਸੀ।
ਏਅਰਫੋਰਸ ਵਨ 'ਤੇ ਟਰੰਪ ਨੇ ਕਿਹਾ ਕਿ ਉਹ ਡਿਊਟੀ 'ਤੇ ਰੋਕ ਲਾਉਣਗੇ ਚੀਨ ਆਪਣਾ ਅਰਥਚਾਰਾ ਖੋਲ੍ਹੇਗਾ ਚੀਨ ਡਿਊਟੀਆਂ ਦਾ ਤਿਆਗ ਕਰੇਗਾ। ਵਾਈਟ ਹਾਊਸ ਨੇ ਕਿਹਾ ਕਿ ਟੈਕਨਾਲੋਜੀ ਟਰਾਂਸਫਰ, ਬੌਧਿਕ ਸੰਪਦਾ, ਗ਼ੈਰ ਡਿਊਟੀ ਰੁਕਾਵਟ, ਸਾਈਬਰ ਚੋਰੀ ਤੇ ਖੇਤੀਬਾੜੀ ਜਿਹੇ ਵਪਾਰਕ ਮੁੱਦਿਆਂ 'ਤੇ 90 ਦਿਨਾਂ 'ਚ ਸਮਝੌਤਾ ਨਾ ਹੋਣ ਦੀ ਸਥਿਤੀ 'ਚ ਦੋਵਾਂ ਧਿਰਾਂ 'ਚ ਇਹ ਸਹਿਮਤੀ ਬਣੀ ਹੈ ਕਿ 10 ਫ਼ੀਸਦੀ ਦੀ ਡਿਊਟੀ ਨੂੰ ਵਧਾ ਕੇ 25 ਫ਼ੀਸਦੀ ਕਰ ਦਿੱਤਾ ਜਾਵੇਗਾ।

ਹੋਰ ਖਬਰਾਂ »