ਮੋਹਾਲੀ, 9 ਜਨਵਰੀ, (ਹ.ਬ.) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਲਈ ਪਹਿਲਾ ਜੱਥਾ ਰਵਾਨਾ ਹੋਇਆ। ਪੰਜ ਪਿਆਰਿਆਂ ਦੀ ਹਾਜ਼ਰੀ ਵਿਚ ਸਮੂਹ ਸ਼ਰਧਾਲੂਆਂ ਦੇ ਪਹਿਲੇ ਜੱਥੇ ਦੀ ਰਵਾਨਗੀ ਅਰਦਾਸ ਕਰਨ ਉਪਰੰਤ ਹੋਈ।
ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਵਲੋਂ ਲੋਕ ਸਭਾ ਵਿਚ ਚੰਡੀਗੜ੍ਹ ਹਵਾਈ ਅੱਡੇ ਤੋਂ ਨਾਂਦੇੜ ਸਾਹਿਬ ਲਈ ਸਿੱਧੀਆਂ ਉਡਾਣਾਂ ਦੀ ਮੰਗ ਕੀਤੀ ਜਾ ਰਹੀ ਸੀ ਜੋ ਹੁਣ ਪੂਰੀ ਹੋ ਗਈ। 
ਉਨ੍ਹਾਂ ਦੱਸਿਆ ਹਾਲਾਂਕਿ ਕੁਝ ਸਮਾਂ ਪਹਿਲਾਂ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਵਲੋਂ ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਲਈ ਸਿੱਧੀਆਂ ਉਡਾਣਾਂ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ ਪ੍ਰੰਤੂ ਕੁਝ ਤਕਨੀਕੀ  ਕਾਰਨਾਂ ਕਰਕੇ ਇਹ ਸੇਵਾ ਸ਼ੁਰੂ ਨਹੀਂ ਹੋ ਸਕੀ ਸੀ। ਲੰਬੇ ਸਮੇਂ ਦੀ ਜੱਦੋ ਜਹਿਦ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਉਡਾਣ ਸਿੱਖ ਸੰਗਤਾਂ ਦੇ ਜੱਥੇ ਸਮੇਤ  ਗਈ। ਉਨ੍ਹਾਂ ਦੱਸਿਆ ਕਿ ਇਸ ਹਵਾਈ ਸੇਵਾ ਨੂੰ ਸ਼ੁਰੂ ਕਰਾਉਣ ਲਈ ਪਹਿਲਾਂ ਲੋਕ ਸਭਾ ਵਿਚ ਵਾਰ ਵਾਰ ਮੰਗ ਉਠਾਉਣ ਤੋਂ ਬਾਅਦ ਨਾਂਦੇੜ ਸਾਹਿਬ ਦਾ ਬੰਦ ਪਿਆ ਹਵਾਈ ਅੱਡਾ ਸ਼ੁਰੂ ਕਰਵਾ ਕੇ ਚੰਡੀਗੜ੍ਹ ਤੋਂ ਨਾਂਦੇੜ ਸਾਹਿਬ ਲਈ ਉਡਾਣ ਸ਼ੁਰੂ ਕਰਨ ਦਾ ਰਾਹ ਪੱਧਰ ਕੀਤਾ ਗਿਆ।  ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਨਾਂਦੇੜ ਸਾਹਿਬ ਦਾ ਹਵਾਈ ਅੱਡਾ ਸ਼ੁਰੂ ਹੋਣ ਨਾਲ ਹੀ ਅੰਮ੍ਰਿਤਸਰ ਅਤੇ ਮੁੰਬਈ ਤੋਂ ਨਾਂਦੇੜ ਸਾਹਿਬ ਲਈ ਹਵਾਈ ਸੇਵਾ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। 
 

ਹੋਰ ਖਬਰਾਂ »