ਲਾੜਾ ਅਤੇ ਲਾੜੀ ਦੀ ਉਮਰ ਵਿਚ ਵੱਡਾ ਫ਼ਰਕ ਹੋਇਆ ਤਾਂ ਨਹੀਂ ਮਿਲੇਗਾ ਵੀਜ਼ਾ

ਵਾਸ਼ਿੰਗਟਨ, 16 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਸਰਕਾਰ ਨੇ ਵਿਆਹ ਨਾਲ ਸਬੰਧਤ ਇੰਮੀਗ੍ਰੇਸ਼ਨ ਨਿਯਮਾਂ ਵਿਚ ਤਬਦੀਲੀ ਕਰਨ ਦਾ ਐਲਾਨ ਕਰ ਦਿਤਾ ਹੈ ਜਿਨ੍ਹਾਂ ਰਾਹੀਂ ਬਾਲ ਵਿਆਹਾਂ ਨੂੰ ਨੱਥ ਪਾਈ ਜਾ ਸਕੇਗੀ। ਇੰਮੀਗ੍ਰੇਸ਼ਨ ਅਤੇ ਨੈਸ਼ਨੈਲਿਟੀ ਐਕਟ ਅਧੀਨ ਅਮਰੀਕਾ ਦਾ ਗਰੀਨ ਕਾਰਡ ਪ੍ਰਾਪਤ ਇਕ ਪ੍ਰਵਾਸੀ ਕਿਸੇ ਵੀ ਉਮਰ ਦੀ ਮਹਿਲਾ ਨਾਲ ਵਿਆਹ ਕਰਵਾ ਕੇ ਉਸ ਨੂੰ ਅਮਰੀਕਾ ਲਿਆ ਸਕਦਾ ਹੈ ਪਰ ਹੁਣ ਇੰਮੀਗ੍ਰੇਸ਼ਨ ਅਫ਼ਸਰਾਂ ਨੂੰ ਅਖ਼ਤਿਆਰ ਦੇ ਦਿਤਾ ਗਿਆ ਹੈ ਕਿ ਲਾੜਾ ਅਤੇ ਲਾੜੀ ਦੀ ਉਮਰ ਵਿਚ ਵੱਡਾ ਫ਼ਰਕ ਹੋਣ 'ਤੇ ਵੀਜ਼ਾ ਜਾਰੀ ਨਾ ਕੀਤਾ ਜਾਵੇ। 'ਐਨ.ਪੀ.ਆਰ.' ਦੀ ਰਿਪੋਰਟ ਮੁਤਾਬਕ ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਨਵੀਆਂ ਹਦਾਇਤਾਂ ਦਾ ਮਕਸਦ ਬਾਲ ਵਿਆਹਾਂ 'ਤੇ ਰੋਕ ਲਾਉਣਾ ਹੈ। ਗੌਰਤਲਬ ਹੈ ਕਿ ਵਿਆਹ ਦੇ ਆਧਾਰ 'ਤੇ ਅਮਰੀਕੀ ਵੀਜ਼ਾ ਪ੍ਰਾਪਤ ਕਰਨ ਲਈ ਦੋ ਪੜਾਵਾਂ ਵਾਲੀ ਪ੍ਰਕਿਰਿਆ ਵਿਚੋਂ ਲੰਘਣਾ ਪੈਂਦਾ ਹੈ। ਪਹਿਲੇ ਪੜਾਅ ਤਹਿਤ ਅਮਰੀਕੀ ਸਿਟੀਜ਼ਨਸ਼ਿਪ ਵਿਭਾਗ ਵੱਲੋਂ ਪਟੀਸ਼ਨਾਂ 'ਤੇ ਵਿਚਾਰ ਕੀਤਾ ਜਾਂਦਾ ਹੈ ਅਤੇ ਪ੍ਰਵਾਨਗੀ ਮਿਲਣ ਦੀ ਸੂਰਤ ਵਿਚ ਮਾਮਲਾ ਵਿਦੇਸ਼ ਵਿਭਾਗ ਦੇ ਸਪੁਰਦ ਕਰ ਦਿਤਾ ਜਾਂਦਾ ਹੈ। 2007 ਤੋਂ 2017 ਦਰਮਿਆਨ ਵਿਆਹ ਨਾਲ ਸਬੰਧਤ 35 ਲੱਖ ਪਟੀਸ਼ਨਾਂ ਅਮਰੀਕੀ ਇੰਮੀਗ੍ਰੇਸ਼ਨ ਵਿਭਾਗ ਕੋਲ ਪੁੱਜੀਆਂ ਸਨ ਅਤੇ ਪ੍ਰਵਾਨਗੀ ਪ੍ਰਾਪਤ ਪਟੀਸ਼ਨਾਂ ਵਿਚੋਂ 5556 ਬਾਲ ਵਿਆਹਾਂ ਨਾਲ ਸਬੰਧਤ ਸਨ ਅਤੇ ਲਗਭਗ ਹਰ ਮਾਮਲੇ ਵਿਚ ਕੁੜੀਆਂ ਦੀ ਉਮਰ ਲਾੜਿਆਂ ਤੋਂ ਕਾਫ਼ੀ ਘੱਟ ਨਜ਼ਰ ਆਈ। ਤਿੰਨ ਹਜ਼ਾਰ ਮਾਮਲੇ ਅਜਿਹੇ ਸਨ ਜਿਥੇ ਲਾੜਾ ਅਤੇ ਲਾੜੀ ਦੀ ਉਮਰ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਸੀ। ਚੇਤੇ ਰਹੇ ਕਿ ਅਮਰੀਕਾ ਵਿਚ ਬਾਲਗਾਂ ਅਤੇ ਨਾਬਾਲਗਾਂ ਦਰਮਿਆਨ ਆਮ ਗੱਲ ਹੈ ਅਤੇ ਮੁਲਕ ਦੇ ਜ਼ਿਆਦਾਤਰ ਸੂਬਿਆਂ ਵਿਚ ਕੁਝ ਸ਼ਰਤਾਂ ਦੇ ਆਧਾਰ 'ਤੇ ਬਾਲ ਵਿਆਹ ਦੀ ਇਜਾਜ਼ਤ ਮਿਲੀ ਹੋਈ ਹੈ।

ਹੋਰ ਖਬਰਾਂ »