ਚੋਣ ਫੰਡਿੰਗ ਵਿਚ ਵੀ ਨਿਭਾਉਂਦੇ ਹਨ ਖ਼ਾਸ ਭੂਮਿਕਾ
ਰੋਪੜ, 13 ਮਾਰਚ, (ਹ.ਬ.) : ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕਾ ਸਾਲ 2009 ਵਿਚ ਹੋਂਦ ਵਿਚ ਆਇਆ। ਇਸ ਧਰਤੀ 'ਤੇ ਦਸ਼ਮ  ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਖਾਲਸਾ ਪੰਥ ਦੀ ਸਥਾਪਨ ਕੀਤੀ ਸੀ ਅਤੇ ਇਸੇ ਧਰਤੀ 'ਤੇ ਪੰਜ ਤਖਤਾਂ ਵਿਚ ਸ਼ਾਮਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਲਗਭਗ 28 ਸਾਲਾਂ ਤੱਕ ਨਿਵਾਸ ਕੀਤਾ ਸੀ। 
ਸਾਬਕਾ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ ਇਸ ਸੀਟ ਤੋਂ ਪਹਿਲੇ ਸਾਂਸਦ ਬਣੇ ਸੀ।  ਪਿਛਲੀ ਲੋਕ ਸਭਾ ਚੋਣਾਂ ਵਿਚ ਇੱਥੇ ਸ਼੍ਰੋਮਣੀ ਅਕਾਲੀ ਦਲ ਨੇ ਬਾਜ਼ੀ ਮਾਰੀ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਦਿੱਗਜ ਕਾਂਗਰਸੀ ਨੇਤਾ ਅੰਬਿਕਾ ਸੋਨੀ ਨੂੰ ਹਰਾਇਆ। ਰੂਪਨਗਰ, ਨਵਾਂ ਸ਼ਹਿਰ, ਮੋਹਾਲੀ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕੁਝ ਵਿਧਾਨ ਸਭਾ ਖੇਤਰ ਵੀ ਇਸ ਲੋਕ ਸਭਾ ਹਲਕੇ ਵਿਚ ਸ਼ਾਮਲ ਹਨ। ਇੱਥੇ ਐਨਆਰਆਈਜ਼ ਦਾ ਕਾਫੀ ਪ੍ਰਭਾਵ ਹੈ। ਉਹ ਚੋਣ ਫੰਡਿੰਗ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। 
ਖ਼ਾਸ ਗੱਲ ਇਹ ਹੈ ਕਿ ਆਨੰਦਪੁਰ ਸਾਹਿਬ ਲੋਕ ਸਭਾ ਖੇਤਰ ਦੇ ਵਿਧਾਨ ਸਭਾ  ਖੇਤਰ ਆਨੰਦਪੁਰ ਸਾਹਿਬ ਵਿਚ ਵੋਟਰਾਂ ਦੀ ਗਿਣਤੀ ਵਿਚ ਵਾਧਾ ਹੋਣ ਦੀ ਬਜਾਏ ਕਮੀ ਦਰਜ ਕੀਤੀ ਹੈ। ਆਨੰਦਪੁਰ ਸਾਹਿਬ ਵਿਧਾਨ ਸਭਾ ਵਿਚ 2014 ਵਿਚ 185519 ਵੋਟਰ ਸੀ ਜੋ ਘੱਟ ਹੋ ਕੇ 2019 ਵਿਚ 182805 ਰਹਿ ਗਏ ਹਨ। 
ਲੋਕ ਸਭਾ ਖੇਤਰ ਆਨੰਦਪੁਰ ਸਾਹਿਬ ਵਿਚ ਵੋਟਰਾਂ ਦਾ ਗਰਾਫ਼ 62 ਹਜ਼ਾਰ ਦਾ ਅੰਕੜਾ ਪਾਰ ਕਰ ਗਿਆ ਹੈ। ਇਨ੍ਹਾਂ ਵੋਟਰਾਂ ਵਿਚ ਜ਼ਿਆਦਾਤਰ ਵੋਟਰ ਨੌਜਵਾਨ ਅਤੇ ਮਹਿਲਾਵਾਂ ਹਨ। ਇਸ ਵਾਰ ਲੋਕ ਸਭਾ ਚੋਣਾਂ ਵਿਚ ਲੋਕਾਂ ਦੀ ਸ਼ਮੂਲੀਅਤ ਜ਼ਿਆਦਾ ਹੋਵੇਗੀ। ਇਹ ਵੋਟਰਾਂ ਦੀ ਗਿਣਤੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸਾਲ 2014 ਵਿਚ ਲੋਕ ਸਭਾ ਆਨੰਦਪੁਰ ਸਾਹਿਬ ਵਿਚ 15 ਲੱਖ 64 ਹਜ਼ਾਰ 721 ਵੋਟਰ ਸੀ। ਇਨ੍ਹਾਂ ਵਿਚ ਮਰਦ ਵੋਟਰਾਂ ਦੀ ਗਿਣਤੀ 817186 ਅਤੇ ਮਹਿਲਾ ਵੋਟਰਾਂ ਦੀ ਗਿਣਤੀ 747535 ਸੀ।
ਸਾਲ 2019 ਵਿਚ ਲੋਕ ਸਭਾ ਹਲਕੇ ਵਿਚ ਕੁੱਲ ਵੋਟਰਾਂ ਦੀ ਗਿਣਤੀ 62879 ਵਧ ਕੇ 16 ਲੱਖ 27 ਹਜ਼ਾਰ 600 ਹੋ ਗਈ ਹੈ। ਇਨ੍ਹਾਂ ਵਿਚ ਮਰਦ ਵੋਟਰਾਂ ਦੀ ਗਿਣਤੀ 851033 ਹੈ ਅਤੇ ਮਹਿਲਾ ਵੋਟਰਾਂ ਦੀ ਗਿਣਤੀ 776531 ਹੈ। ਪੰਜ ਸਾਲਾਂ ਵਿਚ ਮਹਿਲਾ ਵੋਟਰਾਂ ਦੀ ਗਿਣਤੀ ਵਿਚ 28 ਹਜ਼ਾਰ 996 ਦਾ ਵਾਧਾ ਹੋਇਆ ਹੈ ਜਦ ਕਿ ਮਰਦ ਵੋਟਰਾਂ ਦੀ ਗਿਣਤੀ ਵਿਚ 33 ਹਜ਼ਾਰ 847 ਦਾ ਵਾਧਾ ਦਰਜ ਕੀਤਾ ਗਿਆ ਹੈ।
 

ਹੋਰ ਖਬਰਾਂ »