ਬਰੈਂਪਟਨ, 13 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਪੀਲ ਰੀਜਨਲ ਪੁਲਿਸ ਨੇ ਇਲਾਕੇ ਵਿਚ ਚੱਲ ਰਹੇ ਕਰੈਡਿਟ ਕਾਰਡ ਘਪਲੇ ਤੋਂ ਸਥਾਨਕ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਸੁਚੇਤ ਰਹਿਣ ਦਾ ਸੱਦਾ ਦਿਤਾ ਹੈ। ਪੀਲ ਪੁਲਿਸ ਦੇ ਫ਼ਰੌਡ ਬਿਊਰੋ ਨੂੰ ਕਾਰੋਬਾਰੀਆਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਕੁਝ ਗਾਹਕ ਖ਼ੁਦ ਸਾਹਮਣੇ ਨਾ ਆਉਂਦੇ ਹੋਏ ਫ਼ੋਨ ਜਾਂ ਈਮੇਲ ਰਾਹੀਂ ਖ਼ਰੀਦਦਾਰੀ ਕਰਨ ਦੀ ਇੱਛਾ ਜ਼ਾਹਰ ਕਰਦੇ ਹਨ ਅਤੇ ਅਦਾਇਗੀ ਵਾਸਤੇ ਕਈ ਕ੍ਰੈਡਿਟ ਕਾਰਡਾਂ ਦੇ ਨੰਬਰ ਦੇ ਦਿਤੇ ਜਾਂਦੇ ਹਨ। ਪੁਲਿਸ ਨੇ ਦੱਸਿਆ ਕਿ ਦੁਕਾਨਦਾਰਾਂ ਜਾਂ ਕਾਰੋਬਾਰੀਆਂ ਨੂੰ ਇਕ ਗਾਹਕ ਦਾ ਫ਼ੋਨ ਆਉਂਦੈ ਜਾਂ ਉਸ ਵੱਲੋਂ ਈਮੇਲ ਕਰਦਿਆਂ ਤੁਰਤ ਕੋਈ ਚੀਜ਼ ਖ਼ਰੀਦਣ ਦੀ ਇੱਛਾ ਜ਼ਾਹਰ ਕੀਤੀ ਜਾਂਦੀ ਹੈ। ਨਾਲ ਹੀ ਖਰੀਦਕਾਰ ਵੱਲੋਂ ਆਖ ਦਿਤਾ ਜਾਦਾ ਹੈ ਕਿ ਉਸ ਡਰਾਈਵਰ ਸਾਮਾਨ ਲੈ ਜਾਵੇਗਾ। ਸਬੰਧਤ ਕਾਰੋਬਾਰੀ ਤੋਂ ਪਹਿਲੀ ਵਾਰ ਖ਼ਰੀਦਦਾਰੀ ਕਰ ਰਿਹਾ ਸ਼ਖਸ ਕਈ ਕ੍ਰੈਡਿਟ ਕਾਰਡਜ਼ ਦੇ ਨੰਬਰ ਦੇ ਦਿੰਦਾ ਜੋ ਫ਼ਰਜ਼ੀ ਹੁੰਦੇ ਹਨ ਪਰ ਇਸ ਗੱਲ ਦਾ ਪਤਾ ਬਾਅਦ ਵਿਚ ਲਗਦਾ ਕਿਉਂਕਿ ਉਦੋਂ ਤੱਕ ਫ਼ੋਨ ਜਾਂ ਈਮੇਲ ਕਰਨ ਵਾਲੇ ਦਾ ਡਰਾਈਵਰ, ਖ਼ਰੀਦਿਆ ਹੋਇਆ ਸਾਮਾਨ ਲਿਜਾ  ਚੁੱਕਾ ਹੁੰਦਾ ਹੈ। ਪੁਲਿਸ ਨੇ ਹਦਾਇਤ ਦਿਤੀ ਹੈ ਕਿ ਕੋਈ ਵੀ ਦੁਕਾਨਦਾਰ ਜਾਂ ਕਾਰੋਬਾਰੀ ਫ਼ੋਨ ਜਾਂ ਈਮੇਲ ਰਾਹੀਂ ਕਰੈਡਿਟ ਕਾਰਡ ਦੀ ਅਦਾਇਗੀ ਸਵੀਕਾਰ ਨਾ ਕਰੇ। ਇਸ ਤੋਂ ਇਲਾਵਾ ਕਾਰੋਬਾਰੀ ਨੂੰ ਪੂਰੀ ਤਰ•ਾਂ ਪਤਾ ਹੋਣਾ ਚਾਹੀਦਾ ਹੈ ਕਿ ਉਹ ਕਿਸੇ ਸ਼ਖਸ ਨੂੰ ਆਪਣਾ ਸਾਮਾਨ ਵੇਚ ਰਿਹੈ। ਜੇ ਪਹਿਲੀ ਵਾਰ ਦਿਤੇ ਕ੍ਰੈਡਿਟ ਕਾਰਡ ਨੰਬਰ ਰਾਹੀਂ ਤੈਅਸ਼ੁਦਾ ਰਕਮ ਨਹੀਂ ਮਿਲਦੀ ਤਾਂ ਦੂਜੇ ਕ੍ਰੈਡਿਟ ਕਾਰਡ ਦੇ ਨੰਬਰ ਸਵੀਕਾਰ ਨਾ ਕੀਤੇ ਜਾਣ। ਗਾਹਕ ਨੂੰ ਸਾਮਾਨ ਵੇਚਣ ਸਮੇਂ ਉਸ ਦੇ ਪਤੇ ਦੀ ਤਸਦੀਕ ਲਾਜ਼ਮੀ ਤੌਰ 'ਤੇ ਕੀਤੀ ਜਾਵੇ ਅਤੇ ਅਸਲ ਕ੍ਰੈਡਿਟ ਰਾਹੀਂ ਹੀ ਲੈਣ-ਦੇਣ ਕੀਤਾ ਜਾਵੇ। ਪੁਲਿਸ ਨੇ ਅਪੀਲ ਕੀਤੀ ਹੈ ਕਿ ਕ੍ਰੈਡਿਟ ਕਾਰਡ ਘਪਲੇ ਬਾਰੇ ਹੋਰ ਜਾਣਕਾਰੀ ਲਈ 905-453-2121 ਐਕਸਟੈਨਸ਼ਨ 335 'ਤੇ ਕਾਲ ਕੀਤੀ ਜਾ ਸਕਦੀ ਹੈ।

ਹੋਰ ਖਬਰਾਂ »