ਚੰਡੀਗੜ੍ਹ, 14 ਮਾਰਚ, (ਹ.ਬ.) : ਅੰਮ੍ਰਿਤਸਰ ਤੇ ਗੁਰਦਾਸਪੁਰ ਲੋਕ ਸਭਾ ਸੀਟਾਂ 'ਤੇ ਇਸ ਵਾਰ ਮੁਕਾਬਲਾ ਕਾਫੀ ਦਿਲਚਸਪ ਹੋ ਸਕਦਾ ਹੈ। ਇਸ ਦੌਰਾਨ ਇਹ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ ਕਿ ਗੁਰਦਾਸਪੁਰ ਵਿਚ ਸੁਨੀਲ ਜਾਖੜ ਸਾਹਮਣੇ ਭਾਜਪਾ ਸਵਰਗੀ ਵਿਨੋਦ  ਖੰਨਾ ਦੇ ਪੁੱਤਰ ਅਕਸ਼ੈ ਖੰਨਾ ਨੂੰ ਉਤਾਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਸੀਟ ਨੂੰ ਲੈ ਕੇ ਪੈਨਲ ਸ਼ਾਰਟ ਲਿਸਟ ਕਰ ਲਿਆ ਹੈ। ਹਾਲਾਂਕਿ ਇਸ ਸੀਟ ਤੋਂ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਦਾਅਵਾ ਪੇਸ਼ ਕਰ ਰਹੀ ਹੈ ਪਰ ਭਾਜਪਾ ਅਕਸ਼ੈ ਖੰਨਾ ਨੂੰ ਤਰਜੀਹ ਦੇ ਰਹੀ ਹੈ। ਅਕਸ਼ੈ ਖੰਨਾ ਨੇ ਡਾ. ਮਨਮੋਹਨ ਸਿੰਘ ਦੇ ਉਪਰ ਬਣੀ ਫ਼ਿਲਮ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਵਿਚ ਪ੍ਰਧਾਨ ਮੰਤਰੀ ਦੇ ਮੀਡੀਆ ਸਲਾਹਕਾਰ ਸੰਜੇ ਬਾਰੂ ਦਾ ਕਿਰਦਾਰ ਨਿਭਾਇਆ ਸੀ। ਭਾਜਪਾ ਦਾ ਮੰਨਣਾ ਹੈ ਕਿ ਅਕਸ਼ੈ ਜੇਕਰ ਗੁਰਦਾਸਪੁਰ ਤੋਂ ਚੋਣ ਲੜਦੇ ਹਨ ਤਾਂ ਇਸ ਸੀਟ ਤੇ ਉਨ੍ਹਾਂ ਨੂੰ ਅਪਣੇ ਪਿਤਾ ਦੇ ਸਿਆਸੀ ਕੱਦ ਦਾ ਲਾਭ ਮਿਲ ਸਕਦਾ ਹੈ। ਉਥੇ ਨਵਾਂ ਚਿਹਰਾ ਹੋਣ ਕਾਰਨ ਉਨ੍ਹਾਂ ਨੂੰ ਲੈ ਕੇ ਕੋਈ ਮਨਮੁਟਾਵ ਵੀ ਨਹੀਂ ਹੋਵੇਗਾ। ਉਥੇ ਚਰਚਾ ਇਸ ਗੱਲ ਨੂੰ ਲੈ ਕੇ ਵੀ ਹੈ ਕਿ ਭਾਜਪਾ ਅੰਮ੍ਰਿਤਸਰ ਤੋਂ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਚੋਣ ਮੈਦਾਨ ਵਿਚ ਉਤਾਰ ਸਕਦੀ ਹੈ। ਦਿੱਲੀ ਦੇ ਜਨਮੇ ਪੁਰੀ ਦਾ ਭਾਵੇਂ ਪੰਜਾਬ ਨਾਲ ਸਿੱਧਾ ਵਾਸਤਾ ਨਾ ਹੋਵੇ, ਪਰ ਭਾਜਪਾ ਉਨ੍ਹਾਂ ਨੂੰ ਸਿੱਖ ਚਿਹਰੇ ਦੇ ਤੌਰ 'ਤੇ ਅੰਮ੍ਰਿਤਸਰ ਤੋਂ ਉਤਾਰ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.