ਖਡੂਰ ਸਾਹਿਬ, 14 ਮਾਰਚ, (ਹ.ਬ.) : ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਖਡੂਰ ਸਾਹਿਬ ਦੇ ਸਾਂਸਦ ਰਣਜੀਤ ਸਿੰਘ ਬ੍ਰਹਮਪੁਰਾ ਦੇ ਰਿਸ਼ਤੇਦਾਰ ਗੁਰਿੰਦਰ ਸਿੰਘ ਟੋਨੀ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜ਼ਮੀਰ ਦੀ ਆਵਾਜ਼ 'ਤੇ  ਉਹ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ। ਪਿੰਡ ਡੇਰਾ ਸਾਹਿਬ ਵਿਚ ਸ਼੍ਰੋਅਦ ਉਮੀਦਵਾਰ ਬੀਬੀ ਜਗੀਰ ਕੌਰ ਦੀ ਚੋਣ ਸਭਾ ਵਿਚ ਗੁਰਿੰਦਰ ਸਿੰਘ , ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਬਿਕਰਮ ਸਿੰਘ ਮਜੀਠੀਆ ਵਿਸ਼ੇਸ਼ ਤੌਰ 'ਤੇ ਪੁੱਜੇ।ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਪੂਰਾ ਸਨਮਾਨ ਦਿੱਤਾ, ਪ੍ਰੰਤੂ ਉਨ੍ਹਾਂ ਨੇ ਕਦਰ ਨਹੀਂ ਕੀਤੀ। ਸ਼੍ਰੋਅਦ ਦੀ ਪਿੱਠ ਵਿਚ ਉਸ ਸਮੇਂ ਛੁਰਾ ਵੱਜਿਆ ਜਦ ਪਾਰਟੀ ਸੰਕਟ ਤੋਂ ਲੰਘ ਰਹੀ ਸੀ।  ਸ਼੍ਰੋਅਦ ਨੂੰ ਕਮਜ਼ੋਰ ਕਰਨ ਲਈ ਬ੍ਰਹਮਪੁਰਾ ਨੇ ਕਾਂਗਰਸ ਦੇ ਨਾਲ ਹੱਥ ਮਿਲਾਇਆ ਹੈ। ਲੋਕ ਸਭਾ ਚੋਣ ਵਿਚ ਜਨਤਾ ਸ਼੍ਰੋਅਦ-ਭਾਜਪਾ ਗਠਜੋੜ ਨੁੰ ਜਿਤਾ ਕੇ ਮਿਸਾਲ  ਕਾਇਮ ਕਰੇਗੀ।ਇਸ ਮੌਕੇ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਨੇ ਦੋਸ਼ ਲਗਾਇਆ ਕਿ ਦੋ ਸਾਲ ਦੇ ਦੌਰਾਨ ਚੋਣ ਵਾਅਦੇ ਕਰਨ ਦੀ ਬਜਾਏ ਕਾਂਗਰਸ ਨੇ ਸੂਬੇ ਨੂੰ ਆਰਥਿਕ ਮੰਦਹਾਲੀ ਦਿੱਤੀ। ਇਸ ਮੌਕੇ 'ਤੇ ਸਾਬਕਾ ਵਿਧਾਇਕ ਹਰਮੀਤ ਸਿੰਘ, ਪ੍ਰੋ. ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਮੀਆਂਵਿੰਗ, ਅਜੇਪਾਲ ਸਿੰਘ ਮੀਰਾਂਕੋਟ, ਯੂਥ ਵਿੰਗ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਐਸਜੀਪੀਸੀ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲਾ, ਅਲਵਿੰਦਰ ਪਾਲ ਸਿੰਘ ਪਖੋਕੇ, ਦਲਬੀਰ ਸਿੰਘ ਜਹਾਂਗੀਰ, ਰਮਨਦੀਪ ਸਿੰਘ ਭਰੋਵਾਲ, ਗੁਰਪ੍ਰਤਾਪ ਸਿੰਘ, ਪਰਮਿੰਦਰ ਕੌਰ ਤੇ ਕੁਲਦੀਪ ਸਿੰਘ ਔਲਖ ਮੌਜੂਦ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.