ਬਠਿੰਡਾ, 16 ਮਾਰਚ, (ਹ.ਬ.) : ਅਦਾਲਤ ਨੇ ਪਤਨੀ ਨਾਲ ਨਾਜਾਇਜ਼ ਸਬੰਧਾਂ ਕਾਰਨ ਏਅਰਫੋਰਸ ਜਵਾਨ ਦੀ ਹੱਤਿਆ ਕਰਕੇ ਉਸ ਦੀ ਲਾਸ਼ ਦੇ 16 ਟੁਕੜੇ ਕਰਨ ਵਾਲੇ ਸਾਰਜੈਂਟ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਵਾਰਦਾਤ ਵਿਚ ਸਹਿਯੋਗ ਕਰਨ ਦੇ ਲਈ ਉਸ ਦੀ ਪਤਨੀ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਘਟਨਾ ਇੱਥੇ ਭਿਸੀਆਣਾ ਦੇ ਏਅਰਫੋਰਸ ਸਟੇਸ਼ਨ ਵਿਚ ਵਾਪਰੀ ਸੀ। ਇਸ ਘਟਨਾ ਕਾਰਨ ਪੂਰੇ ਖੇਤਰ ਵਿਚ ਸਨਸਨੀ ਫੈਲ ਗਈ ਸੀ।
ਏਅਰਫੋਰਸ ਵਿਚ ਕਾਰਪੋਰਲ ਅਹੁਦੇ 'ਤੇ ਤੈਨਾਤ ਵਿਪਨ ਸ਼ਿਕੁਲਾ ਦੀ ਹੱਤਿਆ ਸਾਰਜੈਂਟ ਸੁਲੇਸ਼ ਕੁਮਾਰ ਨੇ ਕੀਤੀ ਸੀ। ਹੱਤਿਆ ਕਰਨ ਵਿਚ ਸੁਲੇਸ਼ ਕੁਮਾਰ ਦੀ ਪਤਨੀ ਅਤੇ ਸਾਲੇ ਨੇ ਵੀ ਸਾਥ ਦਿੱਤਾ ਸੀ। ਸਾਲਾ ਘਟਨਾ ਤੋਂ ਬਾਅਦ ਫਰਾਰ ਹੈ ਅਤੇ ਉਸ ਨੂੰ ਫੜਿਆ ਨਹੀਂ ਜਾ ਸਕਿਆ। ਵਾਰਦਾਤ ਦੋ ਸਾਲ ਪਹਿਲਾਂ ਹੋਈ ਸੀ। 
ਉਤਰ ਪ੍ਰਦੇਸ਼ ਦੇ ਗੌਂਡਾ ਜ਼ਿਲ੍ਹੇ ਦੇ ਪਿੰਡ ਬੇਨੀਨਗਰ  ਨਿਵਾਸੀ ਵਿਪਨ ਸ਼ੁਕਲਾ 8 ਫਰਵਰੀ, 2017 ਨੂੰ ਅਚਾਨਕ ਲਾਪਤਾ ਹੋ ਗਏ ਸਨ। ਪੁਲਿਸ ਨੇ 21 ਫਰਵਰੀ ਨੂੰ ਉਨ੍ਹਾਂ ਦੀ ਲਾਸ਼ ਏਅਰਫੋਰਸ ਵਿਚ ਸਾਰਜੈਂਟ ਤੈਨਾਤ ਸੁਲੇਸ਼ ਕੁਮਾਰ ਦੇ ਘਰ ਵਿਚ ਅਲਮਾਰੀ ਤੋਂ ਬਰਾਮਦ ਕੀਤੀ ਸੀ। ਮੁਲਜ਼ਮਾਂ ਨੇ ਲਾਸ਼ ਦੇ 16 ਟੁਕੜੇ ਕਰਕੇ ਲਿਫ਼ਾਫ਼ੇ ਵਿਚ ਪਾ ਕੇ ਅਲਮਾਰੀ ਅਤੇ ਫਰਿੱਜ ਵਿਚ ਰੱਖੇ ਸਨ ਤਾਕਿ ਇਸ ਨੂੰ ਬਾਅਦ ਵਿਚ ਟਿਕਾਣੇ ਲਗਾਇਆ ਜਾ ਸਕੇ।
ਪੁਲਿਸ ਅਨੁਸਾਰ ਸੁਲੇਸ਼ ਦੀ ਪਤਨੀ ਅਨੁਰਾਧਾ ਦੇ ਨਾਲ ਵਿਪਨ ਦੇ ਨਾਜਾਇਜ਼ ਸਬੰਧ ਸਨ ਲੇਕਿਨ ਬਾਅਦ ਵਿਚ ਅਨੁਰਾਧਾ ਉਸ ਦਾ ਵਿਰੋਧ ਕਰਨ ਲੱਗੀ ਸੀ। ਉਹ ਵਿਪਨ ਨੂੰ ਸਬੰਧ ਬਣਾਉਣ ਤੋਂ ਮਨ੍ਹਾਂ ਕਰਦੀ ਸੀ, ਲੇਕਿਨ ਵਿਪਨ ਨਹੀਂ ਮੰਨ ਰਿਹਾ ਸੀ। ਵਿਪਨ ਇਸ ਤੋਂ ਬਾਅਦ ਵੀ ਅਨੁਰਾਧਾ ਨੂੰ ਤੰਗ ਕਰਦਾ ਰਿਹਾ ਸੀ। 
ਇਸ ਬਾਰੇ ਵਿਚ ਸੁਲੇਸ਼ ਨੂੰ ਪਤਾ ਚਲਿਆ ਤਾਂ ਉਸ ਨੇ ਵਿਪਨ ਦਾ ਕਤਲ ਕਰਨ ਦੇ ਲਈ ਅਪਣੀ ਪਤਨੀ ਅਨੁਰਾਧਾ ਅਤੇ ਸਾਲੇ ਸ਼ਸ਼ੀ ਭੂਸ਼ਣ ਦੇ ਨਾਲ ਮਿਲ ਕੇ ਸਾਜ਼ਿਸ਼ ਰਚੀ। ਅਨੁਰਾਧਾ ਨੇ ਵਿਪਨ ਨੂੰ ਏਅਰਫੋਰਸ ਸਟੇਸ਼ਨ ਅੰਦਰ ਅਪਣੇ ਕਮਰੇ ਵਿਚ ਬੁਲਾਇਆ। ਇਸ ਤੋਂ ਬਾਅਦ ਸੁਲੇਸ਼ ਅਤੇ ਸ਼ਸ਼ੀ ਭੂਸ਼ਣ ਨੇ ਵਿਪਨ ਦੀ ਹੱਤਿਆ ਕਰ ਦਿੱਤੀ। ਉਨ੍ਹਾ ਨੇ ਲਾਸ਼ ਦੇ 16 ਟੁਕੜੇ ਕਰਕੇ ਲਿਫ਼ਾਫ਼ੇ ਵਿਚ ਲਪੇਟ ਕੇ ਅਲਮਾਰੀ  ਤੇ ਫਰਿੱਜ ਵਿਚ ਰੱਖੇ ਦਿੱਤੇ। 
ਹੱਤਿਆ ਮਾਮਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਪੁਲਿਸ ਨੇ ਸੁਲੇਸ਼ ਕੁਮਾਰ ਅਤੇ ਉਸ ਦੀ ਪਤਨੀ ਅਨੁਰਾਧਾ 'ਤੇ ਹੱਤਿਆ ਦਾ ਕੇਸ ਦਰਜ ਕੀਤਾ ਅਤੇ ਚਲਾਨ ਪੇਸ਼ ਕੀਤਾ। ਸ਼ੁੱਕਰਵਾਰ ਨੂੰ ਅਦਾਲਤ ਨੇ ਦੋਸ਼ੀ ਸੁਲੇਸ਼ ਕੁਮਾਰ ਨੂੰ ਫਾਂਸੀ ਦੀ ਸਜ਼ਾ ਸੁਣਾਈ। ਅਨੁਰਾਧਾ ਨੂੰ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਸੁਲੇਸ਼ ਦਾ ਸਾਲਾ ਸ਼ਸ਼ੀ ਭੂਸ਼ਣ ਅਜੇ ਤੱਕ ਫਰਾਰ ਹੈ। 

ਹੋਰ ਖਬਰਾਂ »