ਅੰਮ੍ਰਿਤਸਰ, 19 ਮਾਰਚ, (ਹ.ਬ.) : ਸਿੰਗਾਪੁਰ ਤੋਂ ਪੁੱਜੇ ਮੁਲਜ਼ਮ ਨੂੰ ਇਮੀਗਰੇਸ਼ਨ ਦੇ ਅਧਿਕਾਰੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ 'ਤੇ ਫੜ ਲਿਆ। ਅਧਿਕਾਰੀਆਂ ਨੇ ਹੁਸ਼ਿਆਰਪੁਰ ਦੇ ਮੇਹਟੀਆਣਾ ਥਾਣੇ ਦੀ ਪੁਲਿਸ ਨੂੰ ਸੂਚਿਤ ਕਰਦੇ ਹੋਏ ਮੁਲਜ਼ਮ ਨੂੰ ਏਅਰਪੋਰਟ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ।  ਜਾਂਚ ਅਧਿਕਾਰੀ ਐਸਆਈ ਸੁਰਿੰਦਰ ਸਿੰਘ ਪੁਲਿਸ ਪਾਰਟੀ ਦੇ ਨਾਲ ਉਸ ਨੂੰ ਹੁਸ਼ਿਆਰਪੁਰ ਲੈ ਗਏ।
ਐਸਆਈ  ਸੁਰਿੰਦਰ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਪਿੰਡ ਮੇਹਟੀਆਣਾ ਦੀ ਲੜਕੀ ਗਰੀਬ ਪਰਿਵਾਰ ਦੇ ਨਾਲ ਸਬੰਧ ਰਖਦੀ ਸੀ। ਘਰ ਵਿਚ ਗਰੀਬੀ ਦੇ ਚਲਦਿਆਂ ਦਸੰਬਰ 2014 ਵਿਚ ਉਹ ਮਜ਼ਦੂਰੀ ਦੇ ਲਈ ਸਿੰਗਾਪੁਰ ਚਲੀ ਗਈ। ਉਥੇ ਉਸ ਨੂੰ ਫਿਰੋਜ਼ਪੁਰ ਦੇ ਪਿੰਡ ਸਿਲੀਵਿੰਡ ਦਾ ਅਮਰਿੰਦਰ ਸਿੰਘ ਮਿਲਿਆ ਤਾਂ ਉਸ ਨੇ ਵਿਆਹ ਕਰਨ ਦੀ ਗੱਲ ਕਹੀ। ਇੱਕ ਦਿਨ ਸਿੰਗਾਪੁਰ ਵਿਚ ਹੀ ਮੁਲਜ਼ਮ ਉਸ ਨੂੰ ਹੋਟਲ ਵਿਚ ਲੈ ਗਿਆ ਤੇ ਬਗੈਰ ਮਰਜ਼ੀ ਮੇਰੇ ਨਾਲ ਸਬੰਧ ਬਣਾਏ। ਸਾਲ 2017 ਵਿਚ ਉਹ ਪੰਜਾਬ ਆ ਗਏ ਜਿੱਥੇ ਮੁਲਜ਼ਮ ਦੇ ਘਰ ਵਾਲਿਆਂ ਨੇ ਘਰ ਵਿਚ ਹੀ ਰਿਸੈਪਸ਼ਨ ਪਾਰਟੀ ਕੀਤੀ। ਉਹ ਜਦ ਵੀ ਉਸ ਨੂੰ ਵਿਆਹ ਕਰਨ ਨੂੰ ਕਹਿੰਦੀ ਤਾਂ ਉਹ ਲੋਕ ਟਾਲ ਮਟੋਲ ਕਰ ਜਾਂਦੇ। ਇਸ ਦੌਰਾਨ ਉਸ ਨੂੰ ਪਤਾ ਚਲਿਆ ਕਿ ਉਹ ਪਹਿਲਾਂ ਹੀ ਵਿਆਹੁਤਾ ਹੈ ਅਤੇ ਪਟਿਆਲਾ ਦੀ ਲੜਕੀ ਨਾਲ ਅਜੇ ਤੱਕ ਤਲਾਕ ਨਹੀਂ ਹੋਇਆ ਸੀ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਅਤੇ ਪੁਲਿਸ ਨੇ ਅਮਰਿੰਦਰ 'ਤੇ ਕੇਸ ਦਰਜ ਕਰ ਲਿਆ। ਮੁਲਜ਼ਮ ਵਿਦੇਸ਼ ਨਿਕਲ ਗਿਆ ਤੇ ਉਸ ਦੀ ਗ੍ਰਿਫਤਾਰੀ ਦੇ ਲਈ ਦੋ ਜਨਵਰੀ 2019 ਨੂੰ ਲੁਕ ਆਊਟ ਕਾਰਨਰ ਜਾਰੀ ਕਰਵਾ ਦਿੱਤਾ ਗਿਆ। ਹੁਣ ਮੁਲਜ਼ਮ ਸਿੰਗਾਪੁਰ ਤੋਂ ਵਾਪਸ ਪੁੱਜਿਆ ਤਾਂ ਇਮੀਗਰੇਸ਼ਨ ਅਧਿਕਾਰੀਆਂ  ਦੀ  ਸੂਚਨਾ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। 

ਹੋਰ ਖਬਰਾਂ »