ਕੈਨੇਡੀਅਨ ਅਧਿਕਾਰੀਆਂ ਨੇ ਸਖ਼ਤ ਮੁਸ਼ੱਕਤ ਮਗਰੋਂ ਬਰਫ਼ 'ਚੋਂ ਕੱਢਿਆ

ਵਿੰਨੀਪੈਗ, ਔਟਵਾ, 20 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੀ ਸਰਹੱਦ ਟੱਪ ਕੇ ਕੈਨੇਡਾ ਦੇ ਮੈਨੀਟੋਬਾ ਸੂਬੇ 'ਚ ਦਾਖ਼ਲ ਹੋਈ 9 ਮਹੀਨੇ ਦੀ ਇਕ ਗਰਭਵਤੀ ਔਰਤ ਦੀ ਜਾਨ ਆਫ਼ਤ ਵਿਚ ਫ਼ਸ ਗਈ ਅਤੇ ਕੈਨੇਡੀਅਨ ਅਧਿਕਾਰੀਆਂ ਨੇ ਕਰੜੀ ਮੁਸ਼ੱਕਤ ਮਗਰੋਂ ਉਸ ਨੂੰ ਬਚਾਇਆ।  ਬਰਫ਼ ਵਿਚ ਦਬੀ ਔਰਤ ਦੀ ਖ਼ੁਸ਼ਕਿਸਮਤੀ ਇਹ ਰਹੀ ਕਿ ਫਾਈਰ ਫਾਈਟਰ ਸਮੇਂ 'ਤੇ ਪੁੱਜ ਗਏ ਨੇ ਉਸ ਨੂੰ ਬਚਾਅ ਲਿਆ। ਮਹਿਲਾ ਦਾ ਗਰਭਕਾਲ ਪੂਰਾ ਹੋ ਚੁੱਕਾ ਹੈ ਅਤੇ ਕਿਸੇ ਵੀ ਵੇਲੇ ਬੱਚੇ ਨੂੰ ਜਨਮ ਦੇਣ ਵਾਲੀ ਸੀ। ਮੈਨੀਟੋਬਾ ਦੇ ਪ੍ਰਸ਼ਾਸਨਿਕ ਅਧਿਕਾਰੀ ਡੇਵ ਕਾਰਲਸਨ ਨੇ ਦੱਸਿਆ ਕਿ ਔਰਤ ਦੀ ਉਮਰ 25 ਸਾਲ ਦੀ ਹੈ ਅਤੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੇ ਅਜਿਹੀ ਹਾਲਤ ਵਿਚ ਸਰਹੱਦ ਕਿਉਂ ਪਾਰ ਕੀਤੀ। ਅਮਰੀਕਾ ਦੇ ਮਿਨੇਸੋਟਾ ਸੂਬੇ ਦੀ ਸਰਹੱਦ ਤੋਂ ਚੱਲਣ ਮਗਰੋਂ ਇਹ ਮਹਿਲਾ ਕੈਨੇਡਾ ਦੇ ਐਮਰਸਨ ਨੇੜੇ  ਪੁੱਜੀ ਅਤੇ 911 'ਤੇ ਫੋਨ ਕਰਦੀ ਰਹੀ। ਉਹ ਰੇਲਵੇ ਟਰੈਕ 'ਤੇ ਤੁਰ ਰਹੀ ਸੀ ਪਰ ਇਸ ਦੌਰਾਨ ਉਹ ਰਾਹ ਤੋਂ ਭਟਕ ਗਈ ਅਤੇ ਬਰਫ਼ 'ਚ ਫਸ ਗਈ। ਡੇਵ ਕਾਰਲਸਨ ਨੇ ਕਿਹਾ, ''ਜ਼ਰਾ ਸੋਚ ਕੇ ਦੇਖੋ ਉਹ ਪਲ ਗਰਭਵਤੀ ਔਰਤ ਲਈ ਕਿੰਨੇ ਮੁਸ਼ਕਲ ਹੋਣਗੇ ਜਦੋਂ ਤਾਜ਼ਾ ਬਰਫ਼ਬਾਰੀ ਨੇ ਸਭ ਕੁੱਝ ਢੱਕ ਦਿੱਤਾ ਹੋਵੇ ਤੇ ਤਾਪਮਾਨ ਮਨਫ਼ੀ 20 ਡਿਗਰੀ ਹੋਵੇ ਤੇ ਔਰਤ ਬੱਚੇ ਨੂੰ ਜਨਮ ਦੇਣ ਹੀ ਵਾਲੀ ਹੋਵੇ।''  ਉਨ•ਾਂ ਕਿਹਾ ਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਔਰਤ ਕਿੰਨਾਂ ਸਮਾਂ ਚਲਦੀ ਰਹੀ ਪਰ ਉਹ ਸਰਹੱਦ ਤੋਂ ਲਗਭਗ 180 ਮੀਟਰ ਦੀ ਦੂਰੀ 'ਤੇ ਬਰਫ 'ਚ ਫਸੀ ਮਿਲੀ। ਕਾਲ ਮਿਲਣ ਮਗਰੋਂ ਫਾਈਰ ਫਾਈਟਰ ਲਗਭਗ 15 ਮਿੰਟਾਂ ਵਿਚ ਉਥੇ ਪੁੱਜ ਗਏ। ਜਦੋਂ ਕਰਮਚਾਰੀ ਉਸ ਕੋਲ ਪੁੱਜੇ ਤਾਂ ਦੇਖਿਆ ਕਿ ਉਹ ਬਰਫ 'ਚ ਫਸੀ ਹੋਈ ਸੀ ਤੇ ਬੱਚੇ ਨੂੰ ਜਨਮ ਦੇਣ ਹੀ ਵਾਲੀ ਸੀ। ਇਸ ਮਗਰੋਂ ਕਰਮਚਾਰੀਆਂ ਨੇ ਔਰਤ ਨੂੰ ਬਰਫ਼ ਵਿਚੋਂ ਕੱਢਿਆ ਤੇ ਉਸ ਨੂੰ ਉਦੋਂ ਤੱਕ ਨਿੱਘ 'ਚ ਰੱਖਿਆ ਜਦੋਂ ਤੱਕ ਐਂਬੂਲੈਂਸ ਨਹੀਂ ਆਈ। ਐਂਬੂਲੈਂਸ ਆਉਣ ਮਗਰੋਂ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ। ਆਰਸੀਐਮਪੀ ਨੇ ਦੱਸਿਆ ਕਿ ਔਰਤ ਨੇ ਹਾਲੇ ਬੱਚੇ ਨੂੰ ਜਨਮ ਨਹੀਂ ਦਿੱਤਾ। ਉਸ ਨੂੰ ਗੈਰ ਕਾਨੂੰਨੀ ਢੰਗ ਨਾਲ ਦੇਸ਼ ਵਿਚ ਦਾਖ਼ਲ ਹੋਣ ਲਈ ਗ੍ਰਿਫ਼ਤਾਰ ਕੀਤਾ ਗਿਆ ਤੇ ਬਾਅਦ 'ਚ ਉਸ ਨੂੰ ਕੈਨੇਡਾ ਦੀ ਬਾਰਡਰ ਸਰਵਸਿਜ਼ ਏਜੰਸੀ ਨੂੰ ਸੌਂਪ ਦਿੱਤਾ ਗਿਆ।

ਹੋਰ ਖਬਰਾਂ »