ਚੰਡੀਗੜ੍ਹ, 21 ਮਾਰਚ, (ਹ.ਬ.) : ਪੰਜਾਬ  ਦੇ ਵੋਟਰ 17ਵੀਂ ਲੋਕ ਸਭਾ ਦੇ ਲਈ ਅਪਣੇ ਨੁਮਾਇੰਦੇ ਚੁਣਨ ਦੀ ਤਿਆਰੀ ਕਰ  ਰਹੇ ਹਨ। ਲੇਕਿਨ ਉਨ੍ਹਾਂ ਨੇ 16ਵੀਂ ਲੋਕ ਸਭਾ ਵਿਚ ਜਿਹੜੇ ਨੁਮਾਇੰਦਿਆਂ ਨੂੰ ਚੁਣ ਕੇ ਭੇਜਿਆ ਸੀ, ਉਨ੍ਹਾਂ ਨੇ ਕੇਂਦਰ ਸਰਕਾਰ ਦੁਆਰਾ ਅਪਣੇ ਸੰਸਦੀ ਖੇਤਰ ਦੇ ਵਿਕਾਸ ਦੇ ਲਈ  ਫੰਡ ਦੇ ਤਹਿਤ ਮਿਲਿਆ ਪੈਸਾ ਹੁਣ ਤੱਕ ਪੂਰਾ ਨਹੀਂ ਖ਼ਰਚਿਆ। ਇਨ੍ਹਾਂ ਵਿਚ ਗੁਰਦਾਸਪੁਰ ਤੋਂ ਸਾਂਸਦ ਅਤੇ ਪੰਜਾਬ ਕਾਂਗਰਸ ਦੇ  ਪ੍ਰਧਾਨ ਸੁਨੀਲ ਜਾਖੜ ਨੇ ਤਾਂ 12.39 ਕਰੋੜ ਰੁਪਏ ਵਿਚੋਂ ਸਿਰਫ 20 ਲੱਖ ਰੁਪਏ ਹੀ ਖ਼ਰਚ ਕੀਤੇ ਹਨ ਜੋ ਕੁਲ ਰਕਮ ਦਾ ਇੱਕ ਫ਼ੀਸਦੀ ਵੀ ਨਹੀਂ ਹੈ। ਪੰਜਾਬ ਤੋਂ ਰਾਜ ਸਭਾ ਸਾਂਸਦ ਕਾਂਗਰਸ ਦੀ ਅੰਬਿਕਾ ਸੋਨੀ ਨੇ ਹੁਣ ਤੱਕ ਸਿਰਫ 30.19 ਫ਼ੀਸਦੀ ਰਕਮ ਹੀ ਖ਼ਰਚ ਕੀਤੀ ਹੈ। ਪੰਜਾਬ ਦੇ ਮੌਜੂਦਾ ਲੋਕ ਸਭਾ ਸਾਂਸਦਾਂ ਵਿਚੋਂ ਖਡੂਰ ਸਾਹਿਬ ਸੀਟ ਤੋਂ ਅਕਾਲੀ ਦਲ ਦੇ ਰਣਜੀਤ ਸਿੰਘ ਬ੍ਰਹਮਪੁਰਾ ਨੇ  ਫੰਡ ਵਿਚ ਵਿਆਜ ਸਣੇ ਮਿਲੀ 24.17 ਕਰੋੜ ਰੁਪਏ ਦੀ ਰਕਮ ਵਿਚੋਂ 23.07 ਕਰੋੜ ਰੁਪਏ ਖ਼ਰਚ ਕੀਤੇ ਹਨ। ਇਸ ਤਰ੍ਹਾਂ ਉਨ੍ਹਾਂ ਕੁੱਲ ਰਿਲੀਜ਼ ਰਕਮ 22.50 ਕਰੋੜ ਰੁਪਏ ਵਿਆਜ ਰਹਿਤ ਦਾ 101.28 ਫ਼ੀਸਦੀ ਇਸਤੇਮਾਲ ਕੀਤਾ
ਕਾਂਗਰਸ ਦੇ ਸੂਬਾਈ ਪ੍ਰਧਾਨ ਸੁਨੀਲ ਜਾਖੜ ਨੇ ਗੁਰਦਾਸਪੁਰ ਸੰਸਦੀ ਸੀਟ 'ਤੇ ਬੀਤੇ ਸਾਲ ਲੋਕ ਸਭਾ ਜ਼ਿਮਨੀ ਚੋਣ ਜਿੱਤੀ ਸੀ। ਉਨ੍ਹਾਂ ਨੇ ਐਮਪੀ ਲੈਡ ਫੰਡ ਦੇ ਅਧੀਨ ਤੈਅ 15 ਕਰੋੜ ਰੁਪਏ ਦੀ ਰਕਮ ਵਿਚੋਂ ਹੁਣ ਤੱਕ 10 ਕਰੋੜ ਰੁਪਏ ਅਲੱਗ ਅਲੱਗ ਕਿਸਤਾਂ ਵਿਚ ਰਿਲੀਜ਼ ਹੋਏ ਅਤੇ ਇਹ ਰਕਮ ਵਿਆਜ ਸਣੇ 12.39 ਕਰੋੜ ਰੁਪਏ ਹੋ ਗਈ। ਇਸ ਰਕਮ ਵਿਚੋਂ ਜਾਖੜ ਨੇ ਅਪਣੇ ਹਲਕੇ ਦੇ ਲਈ 2.20 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸਿਫਾਰਸ਼ ਕੀਤੀ ਲੇਕਿਨ ਇਸ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਨਜ਼ੂਰੀ ਸਿਰਫ 1.38 ਕਰੋੜ ਰੁਪਏ ਦੀ ਰਕਮ ਨੂੰ ਹੀ ਮਿਲੀ। ਬਾਵਜੂਦ ਇਸ ਦੇ 1.38 ਕਰੋੜ ਦੀ ਰਕਮ ਵਿਚੋਂ ਹੁਣ ਤੱਕ ਸਿਰਫ 20 ਲੱਖ ਰੁਪਏ ਹੀ ਖ਼ਰਚ ਹੋਏ।  12.19 ਕਰੋੜ ਰੁਪਏ ਅਜੇ ਤੱਕ ਸਾਂਸਦ ਫੰਡ ਵਿਚ ਬਚੇ ਹੋਏ ਹਨ। ਕਿਉਂਕਿ ਚੋਣ ਜ਼ਾਬਤਾ ਲਾਗੂ ਹੋ ਚੁੱਕਾ ਹੈ। ਅਜਿਹੇ ਵਿਚ ਬਕਾਇਆ ਰਕਮ ਦੇ ਵਾਪਸ ਜਾਣ ਦੀ ਸੰਭਾਵਨਾ ਹੈ।

ਹੋਰ ਖਬਰਾਂ »