ਬਗਦਾਦ, 22 ਮਾਰਚ (ਵਿਸ਼ੇਸ਼ ਪ੍ਰਤੀਨਿਧ) : ਇਰਾਕ ਦੇ ਮੋਸੁਲ ਸ਼ਹਿਰ ਨੇੜੇ ਟਿਗਰਿਸ ਦਰਿਆ ਵਿਚ ਇਕ ਕਿਸ਼ਤੀ ਡੁੱਬਣ ਕਾਰਨ ਘੱਟੋ-ਘੱਟ 100 ਜਣਿਆਂ ਦੀ ਮੌਤ ਹੋ ਗਈ। ਕਿਸ਼ਤੀ ਵਿਚ ਸਵਾਰ ਲੋਕ ਨਵਾਂ ਸਾਲ ਮਨਾਉਣ ਇਕ ਟਾਪੂ ਵੱਲ ਜਾ ਰਹੇ ਸਨ। ਕਿਸ਼ਤੀ ਵਿਚ ਸਮਰੱਥਾ ਤੋਂ ਜ਼ਿਆਦਾ ਮੁਸਾਫ਼ਰ ਸਵਾਰ ਹੋਣ ਕਾਰਨ ਇਹ ਹਾਦਸਾ ਵਾਪਰਿਆ। ਕਿਸ਼ਤੀ ਵਿਚ 200 ਤੋਂ ਵੱਧ ਲੋਕ ਸਵਾਰ ਸਨ ਅਤੇ ਅੱਖੀਂ ਵੇਖਣ ਵਾਲਿਆਂ ਨੇ ਦੱਸਿਆ ਕਿ ਸਾਰੇ ਖ਼ੁਸ਼ੀਆਂ ਮਨਾ ਰਹੇ ਸਨ ਜਦੋਂ ਕਿਸ਼ਤੀ ਇਕ ਪਾਸੇ ਉਲਾਰ ਹੋਣੀ ਸ਼ੁਰੂ ਹੋ ਗਈ। ਇਸ ਤੋਂ ਪਹਿਲਾਂ ਕਿ ਕੋਈ ਕੁਝ ਕਰਦਾ, ਕਿਸ਼ਤੀ ਦਰਿਆ ਵਿਚ ਡੁੱਬ ਗਈ। ਹਾਦਸੇ ਦੌਰਾਨ ਵਾਲ-ਵਾਲ ਬਚੇ ਅਬਦੁਲ ਜਬਾਰ ਨੇ ਦੱਸਿਆ ਕਿ ਉਸ ਦੀ ਪਤਨੀ ਅਤੇ ਤਿੰਨ ਬੇਟੀਆਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਉਧਰ 23 ਸਾਲ ਦੇ ਸਾਊਦੀ ਅਜ਼ੀਜ਼ ਨੇ ਦੱਸਿਆ ਕਿ ਉਹ ਦੂਜੀ ਕਿਸ਼ਤੀ ਵਿਚ ਸਵਾਰ ਸੀ ਅਤੇ ਉਸ ਦੀਆਂ ਅੱਖਾਂ ਸਾਹਮਣੇ ਜਾ ਰਹੀ ਪਹਿਲੀ ਕਿਸ਼ਤੀ ਅਚਾਨਕ ਡੁੱਬਣੀ ਸ਼ੁਰੂ ਹੋ ਗਈ। ਕਿਸੇ ਨੂੰ ਬਚਾਅ ਕਰਨ ਦਾ ਬਿਲਕੁਲ ਮੌਕਾ ਨਾ ਮਿਲਿਆ ਅਤੇ ਲੋਕ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕਿਸ਼ਤੀ ਹਾਦਸੇ ਦੌਰਾਨ ਕਈ ਲੋਕ ਲਾਪਤਾ ਹੋ ਗਏ ਜਿਨ•ਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਰਾਕ ਦੇ ਪ੍ਰਧਾਨ ਮੰਤਰੀ ਅਦੇਲ ਅਬਦੇਲ ਮਹਿਦੀ ਨੇ ਤਿੰਨ ਦੇ ਕੌਮੀ ਸੋਗ ਦਾ ਐਲਾਨ ਕਰਦਿਆਂ ਪੀੜਤ ਪਰਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਧਰ ਇਰਾਕ ਦੇ ਨਿਆਂ ਮੰਤਰਾਲੇ ਨੇ 9 ਫੈਰੀ ਕੰਪਨੀਆਂ ਦੇ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦੇ ਦਿਤੇ ਅਤੇ ਦੇਸ਼ ਭਰ ਵਿਚ ਕਿਸ਼ਤੀਆਂ ਦੀ ਮਨੁੱਖੀ ਢੋਆ-ਢੁਆਈ ਲਈ ਵਰਤੋਂ 'ਤੇ ਰੋਕ ਲਾ ਦਿਤੀ। ਦੱਸ ਦੇਈਏ ਕਿ ਕੁਰਦ ਸਭਿਆਚਾਰ ਵਿਚ ਨਵੇਂ ਵਰ•ੇ ਅਤੇ ਬਸੰਤ ਰੁੱਤ ਦੀ ਆਮਦ ਨੂੰ ਨਵਰੋਜ਼ ਆਖਿਆ ਜਾਂਦਾ ਹੈ।

ਹੋਰ ਖਬਰਾਂ »