ਚੰਡੀਗੜ੍ਹ, 25 ਮਾਰਚ, (ਹ.ਬ.) : ਕਹਿੰਦੇ ਹਨ ਕਿ ਸਿਆਸਤ ਵਿਚ ਕੁਝ ਵੀ ਹੋ ਸਕਦਾ ਹੈ। ਇਸੇ ਗੱਲ ਨੂੰ ਹਰਿਆਣਵੀ ਗਾਇਕ ਤੇ ਡਾਂਸਰ ਸਪਨਾ ਚੌਧਰੀ ਨੇ ਸਾਬਤ ਕਰ ਦਿੱਤਾ। ਦੁਪਹਿਰ ਤੱਕ ਉਨ੍ਹਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀ ਚਰਚਾ ਦੇ ਨਾਲ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਹੁੰਦੀਆਂ ਰਹੀਆਂ। ਸਪਨਾ ਦੀ ਮਾਂ ਨੀਲਮ ਨੇ ਦੱਸਿਆ ਕਿ ਸਪਨਾ ਮਥੁਰਾ ਤੋਂ ਚੋਣ ਲੜੇਗੀ, ਲੇਕਿਨ ਦੁਪਹਿਰ 3.25 ਵਜੇ ਸਪਨਾ ਨੇ ਅਪਣੇ ਵਿਰੋਧੀਆਂ ਸਮੇਤ ਹੋਰਾਂ ਨੂੰ ਹੈਰਾਨ ਕਰ ਦਿੱਤਾ। ਮੀਡੀਆ ਦੇ ਸਾਹਮਣੇ ਆ ਕੇ ਸਪਨਾ ਨੇ ਕਿਹਾ ਕਿ ਉਨ੍ਹਾਂ ਨੇ ਕਾਂਗਰਸ ਦੀ ਮੈਂਬਰਸ਼ਿਪ ਨਹੀਂ ਲਈ। ਇਸ ਦੇ ਕੁਝ ਦੇਰ ਬਾਅਦ ਕਾਂਗਰਸ ਨੇ ਦਾਅਵਾ ਕੀਤਾ ਕਿ ਸਪਨਾ ਚੌਧਰੀ ਅਤੇ ਉਨ੍ਹਾਂ ਦੀ ਭੈਣ ਨੇ ਸ਼ਨਿੱਚਰਵਾਰ ਨੂੰ ਕਾਂਗਰਸ ਦੀ ਮੈਂਬਰਸ਼ਿਪ ਲਈ ਸੀ।
ਦੱਸ ਦੇਈਏ ਕਿ ਸ਼ਨਿੱਚਰਵਾਰ ਦੇਰ ਰਾਤ ਇਹ ਖ਼ਬਰ ਮੀਡੀਆ ਵਿਚ ਚਲੀ ਸੀ ਕਿ ਹਰਿਆਣਵੀ ਡਾਂਸਰ ਸਪਨਾ ਚੌਧਰੀ ਕਾਂਗਰਸ ਵਿਚ ਸ਼ਾਮਲ ਹੋ ਗਈ ਹੈ। ਯੂਪੀ ਕਾਂਗਰਸ ਸਕੱਤਰ ਨਰਿੰਦਰ ਰਾਠੀ ਦੇ ਨਾਲ ਸਪਨਾ ਦੀ ਤਸਵੀਰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ  ਉਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜ ਬੱਬਰ ਦੇ ਘਰ 'ਤੇ ਸਪਨਾ ਨੂੰ ਪਾਰਟੀ ਦੀ ਮੈਂਬਰਸ਼ਿਪ ਦਿਵਾਈ ਗਈ। ਇਹ ਵੀ ਕਿਹਾ ਗਿਆ ਕਿ ਸਪਨਾ ਨੂੰ ਕਾਂਗਰਸ ਮਥੁਰਾ ਤੋਂ ਟਿਕਟ ਦੇ ਸਕਦੀ ਹੈ। ਲੇਕਿਨ ਦੇਰ ਰਾਤ ਕਾਂਗਰਸ ਨੇ ਮਥੁਰਾ ਤੋਂ ਮਹੇਸ਼ ਪਾਠਕ ਨੂੰ ਉਮੀਦਵਾਰ ਐਲਾਨ ਕਰ ਦਿੱਤਾ। ਇਸ ਤੋਂ ਬਾਅਦ ਕਿਹਾ ਜਾਣ ਲੱਗਾ ਕਿ ਸਪਨਾ ਕਿੱਥੋਂ ਚੋਣ ਲੜੇਗੀ। ਸਪਨਾ ਦੇ ਬਾਰੇ ਵਿਚ ਪੂਰੇ ਦਿਨ ਸੋਸ਼ਲ ਮੀਡੀਆ 'ਤੇ ਤਰ੍ਹਾਂ ਤਰ੍ਹਾਂ ਦੀ ਚਰਚਾ ਰਹੀ। ਪਹਿਲਾਂ ਉਨ੍ਹਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਉਸ ਤੋਂ ਬਾਅਦ ਉਨ੍ਹਾਂ ਵਲੋਂ ਇਨਕਾਰ ਕਰਨ 'ਤੇ ਤਰ੍ਹਾਂ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ।

 

ਹੋਰ ਖਬਰਾਂ »