ਲਾਸ ਏਂਜਲਸ, 15 ਅਪ੍ਰੈਲ, (ਹ.ਬ.) : ਹਵਾਬਾਜ਼ੀ ਦੀ ਦੁਨੀਆ ਵਿਚ ਇੱਕ ਵੱਡੀ ਪ੍ਰਾਪਤੀ ਹੋਈ ਹੈ। ਅਮਰੀਕੀ ਕੰਪਨੀ ਸਟ੍ਰੈਟੋਲਾਂਚ ਸਿਸਟਮਜ਼ ਕਾਰਪ ਵਲੋਂ ਬਣਾਏ ਦੁਨੀਆ ਦੇ ਸਭ ਤੋਂ ਵੱਡੇ ਜਹਾਜ਼ ਰਾਕ ਨੇ ਕੈਲੀਫੋਰਨੀਆ ਦੇ ਮੋਜੇਵ ਡੈਜ਼ਰਟ ਉਪਰ ਪਹਿਲੀ ਉਡਾਣ ਭਰੀ। ਸਟ੍ਰੈਟੋਲਾਂਚ ਦੀ ਸਥਾਪਨਾ ਮਾਈਕ੍ਰੋਸਾਫਟ ਦੇ ਸਹਿ ਸੰਸਥਾਪਕ ਪਾਲ ਏਲੇਨ ਨੇ ਕੀਤੀ ਸੀ। ਰਾਕ ਨਾਂ ਦੇ ਇਸ ਵਿਸ਼ਾਲ ਸਫੈਦ ਜਹਾਜ਼ ਦਾ ਵਿੰਗ ਸਪੇਨ 117 ਮੀਟਰ ਹੈ, ਜੋ ਫੁੱਟਬਾਲ ਮੈਦਾਨ ਦੀ ਲੰਬਾਈ ਦੇ ਲਗਭਗ ਬਰਾਬਰ ਹੈ। ਦੋ ਬਾਡੀ ਵਾਲੇ ਇਸ ਜਹਾਜ਼ ਵਿਚ ਛੇ ਬੋਇੰਗ 747 ਇੰਜਣ ਲੱਗੇ ਹਨ। ਮੋਜੇਵ ਏਅਰ ਐਂਡ ਸਪੇਸ ਪੋਰਟ ਤੋਂ ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਸਵੇਰੇ ਸੱਤ ਵਜੇ ਉਡਾਣ ਭਰੀ। ਸੈਂਕੜੇ ਲੋਕਾਂ ਦੀ ਉਤਸ਼ਾਹਤ ਭੀੜ ਸਾਹਮਣੇ ਇਸ ਜਹਾਜ਼ ਨੇ ਢਾਈ ਘੰਟੇ ਦੀ ਸਫਲ ਉਡਾਣ ਮਗਰੋਂ ਸੁਰੱਖਿਅਤ  ਲੈਂਡਿੰਗ ਕੀਤੀ। ਉਡਾਣ ਦੌਰਾਨ ਇਸ ਦੀ ਵਧ ਤੋਂ ਵਧ ਗਤੀ 199 ਮੀਲ ਪ੍ਰਤੀ ਘੰਟਾ ਤੇ ਵਧ ਤੋਂ ਵਧ ਉਚਾਈ 17,000 ਫੁੱਟ ਰਹੀ। ਸਟ੍ਰੈਟੋਲਾਂਚ ਦੇ ਸੀਈਓ ਜੀਨ ਫਲਾਇਡ ਨੇ ਇਸ ਨੂੰ ਸ਼ਾਨਦਾਰ ਉਡਾਣ ਦੱਸਿਆ। ਸਟ੍ਰੈਟੋਲਾਂਚ ਦੀ ਸਥਾਪਨਾ ਪਾਲ ਏਲੇਨ ਨੇ 2011 ਕੀਤੀ ਸੀ। ਅਕਤੂਬਰ 2018 ਵਿਚ ਕੈਂਸਰ  ਨਾਲ ਏਲੇਨ ਦੀ ਮੌਤ ਹੋ ਗਈ ਸੀ। ਰਾਕ ਜਹਾਜ਼ ਦੀ ਸਫਲ ਉਡਾਣ ਨਾਲ ਪੁਲਾੜ ਵਿਗਿਆਨ ਦੀ ਦੁਨੀਆ ਵਿਚ ਨਵੀਂ ਕ੍ਰਾਂਤੀ ਦੀ ਉਮੀਦ ਜਾਗੀ ਹੈ। ਅਸਲ ਵਿਚ ਇਸ ਜਹਾਜ਼ ਨੂੰ ਇਸ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਹਵਾ ਵਿਚ ਲਿਜਾ ਕੇ ਰਾਕਟ ਛੱਡ ਸਕਦਾ ਹੈ। ਇਸ ਦੀ ਸਮਰਥਾ ਕੁੱਲ ਪੰਜ ਲੱਖ ਪੌਂਡ ਵਜ਼ਨ ਤੱਕ ਦੇ ਰਾਕਟ ਤੇ ਸੈਟੇਲਾਈਟ ਨੂੰ 35000 ਫੁੱਟ ਦੀ ਉਚਾਈ 'ਤੇ ਜਾ ਕੇ ਛੱਡਣ ਦੀ ਹੈ। ਜਹਾਜ਼ ਤੋਂ ਡਿੱਗਣ ਮਗਰੋਂ ਉਹ ਰਾਕਟ ਅੱਗੇ ਦਾ ਸਫਰ ਤੈਅ ਕਰਦੇ ਹੋਏ ਸੈਟੇਲਾਈਟ ਨੂੰ ਉਸ ਦੇ ਪੰਧ ਵਿਚ ਪਹੁੰਚਾ ਦੇਵੇਗਾ।

ਹੋਰ ਖਬਰਾਂ »