ਐਡਮਿੰਟਨ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) : ਐਲਬਰਟਾ ਵਿਧਾਨ ਸਭਾ ਚੋਣਾਂ ਵਿਚ ਜੈਸਨ ਕੈਨੀ ਦੀ ਅਗਵਾਈ ਵਾਲੀ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਹੂੰਝਾਫ਼ੇਰ ਜਿੱਤ ਹਾਸਲ ਕਰਦਿਆਂ 87 ਸੀਟਾਂ ਵਿਚੋਂ 63 'ਤੇ ਕਾਬਜ਼ ਹੋਣ ਵਿਚ ਸਫ਼ਲ ਰਹੀ ਜਦਕਿ ਸੱਤਾਧਾਰੀ ਐਨ.ਡੀ.ਪੀ. ਨੂੰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 24 ਸੀਟਾਂ 'ਤੇ ਸਿਮਟ ਕੇ ਰਹਿ ਗਈ। 2015 ਦੀਆਂ ਚੋਣਾਂ ਵਿਚ 3 ਸੀਟਾਂ 'ਤੇ ਜੇਤੂ ਰਹੀ ਐਲਬਰਟਾ ਪਾਰਟੀ ਖਾਤਾ ਵੀ ਨਾ ਖੋਲ• ਸਕੀ। ਇਸ ਤੋਂ ਵੀ ਮਾੜਾ ਹਾਲ ਲਿਬਰਲ ਪਾਰਟੀ ਦਾ ਹੋਇਆ ਜੋ ਕੁਲ ਵੋਟਾਂ ਦਾ ਇਕ ਫ਼ੀ ਸਦੀ ਹਾਸਲ ਕਰਨ ਵਿਚ ਵੀ ਸਫ਼ਲ ਨਾ ਹੋਈ। ਪੰਜਾਬੀ ਉਮੀਦਵਾਰਾਂ ਦਾ ਜ਼ਿਕਰ ਕੀਤਾ ਜਾਵੇ ਤਾਂ ਚਾਰ ਪੰਜਾਬੀ ਜਿੱਤ ਦਾ ਝੰਡਾ ਲਹਿਰਾਉਣ ਵਿਚ ਸਫ਼ਲ ਰਹੇ। ਕੈਲਗਰੀ-ਫ਼ਾਲਕਨਬ੍ਰਿਜ ਸੀਟ 'ਤੇ ਪੰਜਾਬੀ ਉਮੀਦਵਾਰਾਂ ਦਰਮਿਆਨ ਬੇਹੱਦ ਫ਼ਸਵਾਂ ਮੁਕਾਬਲਾ ਵੇਖਣ ਨੂੰ ਮਿਲਿਆ ਜਿਥੇ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਦੇ ਦਵਿੰਦਰ ਤੂਰ 200 ਤੋਂ ਘੱਟ ਵੋਟਾਂ ਦੇ ਫ਼ਰਕ ਨਾਲ ਜੇਤੂ ਰਹੇ। ਉਨ•ਾਂ ਨੇ ਐਨ.ਡੀ.ਪੀ. ਦੇ ਪਰਮੀਤ ਸਿੰਘ ਬੋਪਾਰਾਏ ਨੂੰ ਹਰਾਇਆ। ਐਲਬਰਟਾ ਪਾਰਟੀ ਦੇ ਜਸਬੀਰ ਸਿੰਘ ਅਤੇ ਲਿਬਰਲ ਪਾਰਟੀ ਦੇ ਦੀਪਕ ਸ਼ਰਮਾ ਕ੍ਰਮਵਾਰ ਤੀਜੇ ਅਤੇ ਚੌਥੇ ਸਥਾਨ 'ਤੇ ਰਹੇ। ਐਡਮਿੰਟਨ-ਮੀਡੋਜ਼ ਰਾਈਡਿੰਗ ਵਿਚ ਐਨ.ਡੀ.ਪੀ. ਦੇ ਜਸਵੀਰ ਦਿਉਲ 6803 ਵੋਟਾਂ ਲੈ ਕੇ ਜੇਤੂ ਰਹੇ ਜਿਨ•ਾਂ ਨੇ ਯੂਨਾਈਟਡ ਕੰਜ਼ਰਵੇਟਿਵ ਪਾਰਟੀ ਦੇ ਲੈਨ ਰੋਡਜ਼ ਨੂੰ 1902 ਵੋਟਾਂ ਦੇ ਫ਼ਰਕ ਨਾਲ ਹਰਾਇਆ। ਐਲਬਰਟਾ ਪਾਰਟੀ ਦੇ ਅਮਰਜੀਤ ਮਠਾੜੂ ਨੂੰ 1449 ਵੋਟਾਂ ਮਿਲੀਆਂ ਅਤੇ ਉਹ ਤੀਜੇ ਸਥਾਨ 'ਤੇ ਰਹੇ। ਉਧਰ ਐਡਮਿੰਟਨ-ਸਟ੍ਰੈਥਕੌਨਾ ਸੀਟ 'ਤੇ ਪੰਜਾਬੀ ਮੂਲ ਦੀ ਯੂ.ਸੀ.ਪੀ. ਉਮੀਦਵਾਰ ਕੁਲਸ਼ਾਨ ਗਿੱਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਥੇ ਕੁਲਸ਼ਾਨ ਗਿੱਲ ਦਾ ਮੁਕਾਬਲਾ ਪ੍ਰੀਮੀਅਰ ਰਸ਼ੇਲ ਨੋਟਲੀ ਨਾਲ ਸੀ। ਰਸ਼ੇਲ ਨੋਟਲੀ ਨੂੰ 9373 ਵੋਟਾਂ ਮਿਲਆਂ ਜਦਕਿ ਕੁਲਸ਼ਾਨ ਗਿੱਲ 2329 ਵੋਟਾਂ ਹੀ ਹਾਸਲ ਕਰ ਸਕੀ।

ਹੋਰ ਖਬਰਾਂ »