ਇਸਲਾਮਾਬਾਦ, 19 ਅਪ੍ਰੈਲ, (ਹ.ਬ.) : ਮਸੂਦ ਅਜ਼ਹਰ 'ਤੇ ਪਾਬੰਦੀ ਲਗਾਉਣ ਦੇ ਮਾਮਲੇ 'ਤੇ ਪਾਕਿਸਤਾਨ ਕਿਸੇ ਦੇ ਵੀ ਦਬਾਅ ਵਿਚ ਨਹੀਂ ਆਵੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਇਹ ਗੱਲ ਕਹੀ। ਫੈਸਲ ਦਾ ਇਹ ਬਿਆਨ ਚੀਨ ਦੀ ਉਨ੍ਹਾਂ ਰਿਪੋਰਟਾਂ ਨੂੰ ਖਾਰਜ ਕਰਨ ਤੋਂ ਬਾਅਦ ਆਇਆ। ਜਿਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਚੀਨ ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਸੰਯੁਕਤ  ਰਾਸ਼ਟਰ ਦੁਆਰਾ ਜੈਸ਼ ਏ ਮੁਹੰਮਦ ਦੇ ਮੁਖੀ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਨ ਦੇ ਮਸਲੇ 'ਤੇ ਅਪਣੀ ਤਕਨੀਕੀ ਰੋਕ  ਨੂੰ ਹਟਾ ਲਵੇ। ਫੈਸਲ ਨੇ ਕਿਹਾ ਕਿ ਅਜ਼ਹਰ 'ਤੇ ਪਾਕਿਸਤਾਨ ਦਾ ਰੁਖ ਸਪਸ਼ਟ ਹੈ। 
ਭਾਰਤ ਦਾ ਦੋਸ਼ ਹੈ ਕਿ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦੇ ਪਿੱਛੇ ਪਾਕਿਸਤਾਨ ਸਥਿਤ ਅਜ਼ਹਰ ਦੇ ਜੈਸ਼ ਏ ਮੁਹੰਮਦ ਦਾ ਹੱਥ ਹੈ। ਇਸ ਹਮਲੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ 50 ਜਵਾਨ ਸ਼ਹੀਦ ਹੋ ਗਏ ਸੀ। ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨ ਕਰਨ 'ਤੇ  ਚੀਨ ਦੁਆਰਾ ਤਕਨੀਕੀ ਰੋਕ ਲਗਾਏ ਜਾਣ ਦੇ ਮਸਲੇ 'ਤੇ ਫੈਸਲ ਨੇ ਕਿਹਾ ਕਿ ਇਸ ਮਾਮਲੇ ਵਿਚ ਪਾਕਿਸਤਾਨ ਜੋ ਵੀ ਫ਼ੈਸਲਾ ਕਰੇਗਾ। ਉਹ ਉਸ ਦੇ ਰਾਸ਼ਟਰ ਹਿਤ ਵਿਚ ਹੋਵੇਗਾ। ਪਾਕਿਸਤਾਨ ਇਸ ਵਿਚ ਕਿਸੇ ਦੇ ਦਬਾਅ ਵਿਚ ਨਹੀਂ ਆਵੇਗਾ। ਚੀਨ ਨੇ ਬੁਧਵਾਰ ਨੂੰ ਉਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਕਿ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਨੇ ਇਸ ਮਾਮਲੇ 'ਤੇ ਉਸ ਨੂੰ ਅਲਟੀਮੇਟਮ ਦਿੱਤਾ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.