ਚੰਡੀਗੜ੍ਹ, 25 ਅਪ੍ਰੈਲ, (ਹ.ਬ.) : ਪੰਜਾਬ ਦੀ 13 ਲੋਕ ਸਭਾ ਸੀਟਾਂ 'ਤੇ ਚੋਣਾਂ ਦੇ ਲਈ ਮੈਦਾਨ ਸਜ ਗਿਆ ਹੈ। ਸਾਰੇ ਸਿਆਸੀ ਦਲਾਂ ਨੇ ਅਪਣੇ ਅਪਣੇ ਦਿੱਗਜਾਂ ਨੂੰ ਇਸ ਦਾਅਵੇ ਦੇ ਨਾਲ ਮੈਦਾਨ ਵਿਚ ਉਤਾਰਿਆ ਹੈ ਕਿ ਉਨ੍ਹਾਂ ਦੇ ਹੀ ਉਮੀਦਵਾਰ ਜਿੱਤ ਹਾਸਲ ਕਰਨਗੇ।  ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਦਿੱਗਜਾਂ ਦੇ ਵਿਚ 7 ਸਿਆਸੀ ਦਲਾਂ ਦੇ ਮੁਖੀ ਵੀ ਚੋਣ ਲੜ ਰਹੇ ਹਨ। ਅਜਿਹੇ ਵਿਚ ਆਉਣ ਵਾਲੇ ਚੋਣ ਨਤੀਜੇ ਉਨ੍ਹਾਂ ਦੇ ਸਿਆਸੀ ਭਵਿੱਖ ਨੂੰ ਵੀ ਤੈਅ ਕਰਨਗੇ।
ਕਾਂਗਰਸ ਦੇ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਪੀਡੀਏ ਦੇ ਤਹਿਤ ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਅਤੇ ਪੰਜਾਬ ਅਪਣਾ ਮੰਚ ਦੇ ਧਰਮਵੀਰ ਗਾਂਧੀ। ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਬੈਂਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਿਮਰਨਜੀਤ ਮਾਨ ਚੋਣ ਲੜ ਰਹੇ ਹਨ। 
ਕਾਂਗਰਸ ਦੇ ਸੁਨੀਲ ਜਾਖੜ ਅਪਣੀ ਮੌਜੂਦਾ ਸੰਸਦੀ ਸੀਟ ਗੁਰਦਾਸਪੁਰ ਤੋਂ ਇੱਕ ਵਾਰ ਮੁੜ ਚੋਣ ਲੜ ਰਹੇ ਹਨ। ਭਾਜਪਾ ਦੇ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲੀ ਹੋਈ ਗੁਰਦਾਸਪੁਰ ਸੀਟ 'ਤੇ ਪਿਛਲੇ ਸਾਲ ਜ਼ਿਮਨੀ ਚੋਣ ਵਿਚ ਜਾਖੜ ਨੇ ਭਾਜਪਾ ਦੇ ਸਵਰਣ ਸਲਾਰੀਆ ਨੂੰ ਹਰਾਇਆ ਸੀ।
ਇਸ ਵਾਰ ਹਾਲਾਤ ਕੁਝ ਹੋਰ ਹਨ। ਭਾਜਪਾ ਨੇ ਇਸ ਸੀਟ 'ਤੇ ਬਾਲੀਵੁਡ ਅਭਿਨੇਤਾ ਸਨੀ ਦਿਓਲ ਨੂੰ ਉਤਾਰਿਆ ਹੈ। ਜਦ ਕਿ ਆਮ ਆਦਮੀ ਪਾਰਟੀ ਵਲੋਂ ਪੀਟਰ ਮਸੀਹ ਉਮੀਦਵਾਰ ਹੈ। ਹਾਲÎਾਂਕਿ ਦਿਓਲ  ਨੂੰ ਟਿਕਟ ਦਿੱਤੇ ਜਾਣ ਨਾਲ ਸਥਾਨਕ ਭਾਜਪਾ ਨੇਤਾਵਾਂ ਵਿਚ ਨਾਰਾਜ਼ਗੀ ਹੈ। ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੇ ਆਜ਼ਾਦ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਸਵਰਣ ਸਲਾਰੀਆ ਦਾ ਸਮਰਥਨ ਵੀ ਮਿਲ ਰਿਹਾ ਹੈ। 
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਫਿਰੋਜ਼ਪੁਰ ਸੀਟ ਤੋਂ ਅਪਣੀ ਹੀ ਪਾਰਟੀ ਦੇ ਸਾਬਕਾ ਟਕਸਾਲੀ ਨੇਤਾ ਤੇ ਹੁਣ ਕਾਂਗਰਸ ਵਿਚ ਸ਼ਾਮਲ ਹੋਏ ਸ਼ੇਰ ਸਿੰਘ ਘੁਬਾਇਆ ਤੋਂ ਚੁਣੌਤੀ ਮਿਲ ਸਕਦੀ ਹੈ। ਇਹ ਸੀਟ ਅਕਾਲੀ ਦਲ ਦੀ ਸਭ ਤੋਂ ਸੁਰੱਖਿਅਤ ਸੀਟ ਰਹੀ ਹੈ। ਜਿਸ 'ਤੇ ਬੀਤੇ 25 ਸਾਲ ਤੋਂ ਹਮੇਸ਼ਾ ਅਕਾਲੀ ਦਲ ਨੇ ਹੀ ਜਿੱਤ ਦਰਜ ਕੀਤੀ।
ਕਾਂਗਰਸ ਨੂੰ ਕਦੇ ਵੀ ਇਸ ਸੀਟ 'ਤੇ ਜਿੱਤ ਦਾ ਮੌਕਾ ਨਹੀਂ  ਮਿਲ ਸਕਿਆ। ਅਕਾਲੀ ਦਲ ਵਿਚ ਰਹਿੰਦੇ ਹੋਏ ਹੀ ਘੁਬਾਇਆ ਇਸ ਸੀਟ ਤੋਂ ਲਗਾਤਾਰ ਦੋ ਵਾਰ ਸਾਂਸਦ ਹਨ ਅਤੇ ਉਹ ਕਾਂਗਰਸ ਵਿਚ ਵੀ ਇਸੇ ਸ਼ਰਤ 'ਤੇ  ਸ਼ਾਮਲ ਹੋਏ ਸੀ ਕਿ ਪਾਰਟੀ ਉਨ੍ਹਾਂ ਫਿਰੋਜ਼ਪੁਰ ਤੋਂ ਟਿਕਟ ਦੇਵੇਗੀ। ਘੁਬਾਇਆ ਰਾਏ ਸਿੱਖ ਬਰਾਦਰੀ ਤੋਂ ਹਨ, ਜਿਸ ਦੇ ਵੋਟਰਾਂ ਦੀ ਗਿਣਤੀ ਇਸ ਸੀਟ 'ਤੇ ਸਭ ਤੋਂ ਜ਼ਿਆਦਾ ਹੈ। ਇਹ ਬਰਾਦਰੀ ਹੁਣ ਤੱਕ ਅਕਾਲੀ ਦਲ ਦੇ ਨਾਲ ਰਹੀ ਹੈ। ਦੇਖਣਾ ਹੋਵੇਗਾ ਕਿ ਉਮੀਦਵਾਰ ਦੇ ਪਾਲਾ ਬਦਲਣ ਦੇ ਨਾਲ ਕੀ ਬਰਾਦਰੀ ਵੀ ਪਾਲਾ ਬਦਲੇਗੀ। ਜੇਕਰ ਅਜਿਹਾ ਹੋਇਆ ਤਾਂ ਅਕਾਲੀ ਦਲ ਦਾ 25 ਸਾਲ ਦੇ ਕਬਜ਼ੇ ਦਾ ਰਿਕਾਰਡ ਟੁੱਟ ਸਕਦਾ ਹੈ।
ਪੰਜਾਬ ਡੈਮੋਕਰੇਟਿਕ ਅਲਾਇੰਸ (ਪੀਡੀਏ) ਤੇ ਤਹਿਤ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਇਸ ਚੋਣ ਵਿਚ ਬਠਿੰਡਾ ਸੀਟ 'ਤੇ ਦੋ ਵਾਰ ਤੋਂ ਅਕਾਲੀ ਸਾਂਸਦ ਹਰਸਿਮਰਤ ਕੌਰ ਬਾਦਲ ਨੂੰ ਚੁਣੌਤੀ ਦਿੱਤੀ ਹੈ। 1997 ਤੋਂ 2015 ਤੱਕ ਕਾਂਗਰਸ ਵਿਚ ਵਿਭਿੰਨ ਅਹੁਦਿਆਂ 'ਤੇ ਰਹੇ ਖਹਿਰਾ  ਨੇ 2017 ਵਿਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਭੁਲਥ ਤੋਂ ਦੂਜੀ ਵਾਰ ਜਿੱਤ ਹਾਸਲ ਕੀਤੀ।
ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਚੋਣ ਮੈਦਾਨ ਵਿਚ ਹਨ। ਉਨ੍ਹਾਂ ਮੁੱਖ ਚੁਣੌਤੀ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਕੋਲੋਂ ਮਿਲ ਰਹੀ ਹੈ।  ਜਦ ਕਿ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਮਾਨ  ਵੀ ਚੋਣ ਲੜ ਰਹੇ ਹਨ। 
ਪੰਜਾਬ ਅਪਣਾ ਮੰਚ ਦੇ ਡਾ. ਧਰਮਵੀਰ ਗਾਂਧੀ ਪਟਿਆਲਾ ਵਿਚ ਮੁੜ ਕਾਂਗਰਸ ਦੀ ਪਰਨੀਤ ਕੌਰ ਨੂੰ ਚੁਣੌਤੀ ਦੇ ਰਹੇ ਹਨ। ਉਥੇ ਅਕਾਲੀ ਦਲ ਨੇ ਸੁਰਜੀਤ ਸਿੰਘ ਰੱਖੜਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। 
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਚੋਣ ਮੈਦਾਨ ਵਿਚ ਉਤਰੇ ਹਨ। ਇੱਥੇ ਇਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨਾਲ ਹੈ।

ਹੋਰ ਖਬਰਾਂ »