ਤਰਨਤਾਰਨ ਵਿਚ ਨੌਜਵਾਨ ਦਾ ਕਤਲ

ਤਰਨਤਾਰਨ, 19 ਮਈ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ ਵਿਚ ਵੋਟਾਂ ਪੈਣ ਦੀ ਸ਼ੁਰੂਆਤ ਭਾਵੇਂ ਸ਼ਾਂਤਮਈ ਤਰੀਕੇ ਨਾਲ ਹੋਈ ਪਰ ਜਿਉਂ ਜਿਉਂ ਸਮਾਂ ਲੰਘਦਾ ਗਿਆ ਕਤਲੋਗ਼ਾਰਤ ਦੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ। ਤਰਨ ਤਾਰਨ ਵਿਖੇ 28 ਸਾਲ ਦੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿਤਾ ਗਿਆ ਜਦਕਿ ਤਲਵੰਡੀ ਸਾਬੋ ਵਿਖੇ ਗੋਲੀਬਾਰੀ ਅਤੇ ਬਠਿੰਡਾ ਹਲਕੇ ਦੇ ਪਿੰਡ ਕਾਂਗੜ ਵਿਖੇ ਸਿਕੰਦਰ ਸਿੰਘ ਮਲੂਕਾ ਦੀ ਗੱਡੀ 'ਤੇ ਹਮਲਾ ਅਤੇ ਫ਼ਿਰੋਜ਼ਪੁਰ ਵਿਖੇ ਅਕਾਲੀਆਂ ਵੱਲੋਂ ਕਾਂਗਰਸੀ ਵਰਕਰ 'ਤੇ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰਨ ਦੀਆਂ ਰਿਪੋਰਟਾਂ ਹਨ।  ਤਰਨਤਾਰਨ ਜ਼ਿਲ•ੇ ਦੇ ਪਿੰਡ ਸਰਲੀ ਨਾਲ ਸਬੰਧਤ ਨੌਜਵਾਨ ਬੰਟੀ ਵੋਟ ਪਾਉਣ ਜਾ ਰਿਹਾ ਸੀ ਜਦੋਂ ਉਸ ਉਪਰ ਕੁਝ ਜਣਿਆਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿਤਾ। ਬੰਟੀ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਮਜ਼ਦੂਰੀ ਕਰਦਾ ਸੀ। ਚਰਨਜੀਤ ਸਿੰਘ ਮੁਤਾਬਕ ਜਦੋਂ ਬੰਟੀ ਵੋਟ ਪਾਉਣ ਜਾ ਰਿਹਾ ਸੀ ਤਾਂ ਰਾਹ ਵਿਚ ਪਿੰਡ ਦੇ ਹੀ ਕੁਝ ਨੌਜਵਾਨ ਸੁੱਖਾ, ਗੋਰਾ ਅਤੇ ਸੋਨੀ ਉਸ ਨੂੰ ਮਿਲ ਗਏ। ਉਨ•ਾਂ ਨੇ ਬੰਟੀ ਨੂੰ ਸਵਾਲ ਕੀਤਾ ਕਿ ਉਹ ਕਿਸ ਨੂੰ ਵੋਟ ਪਾਵੇਗਾ? ਇਸ 'ਤੇ ਬੰਟੀ ਨੇ ਆਖ ਦਿਤਾ ਕਿ ਇਹ ਉਸ ਦਾ ਨਿਜੀ ਮਾਮਲਾ ਹੈ। ਬੰਟੀ ਦਾ ਜਵਾਬ ਨੌਜਵਾਨਾਂ ਦੀ ਛਾਤੀ ਵਿਚ ਤੀਰ ਵਾਂਗ ਲੱਗਿਆ ਅਤੇ ਝਗੜਾ ਸ਼ੁਰੂ ਹੋ ਗਿਆ। ਚਰਨਜੀਤ ਸਿੰਘ ਮੁਤਾਬਕ ਗੋਰੇ ਨੇ ਬੰਟੀ ਦੀ ਗਰਦਨ 'ਤੇ ਦਾਤੀ ਨਾਲ ਵਾਰ ਕਰ ਦਿਤਾ ਅਤੇ ਫ਼ਰਾਰ ਹੋ ਗਿਆ। ਬੰਟੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿਤਾ।

ਹੋਰ ਖਬਰਾਂ »

ਹਮਦਰਦ ਟੀ.ਵੀ.