ਚੰਡੀਗੜ੍ਹ, 29 ਮਈ, (ਹ.ਬ.) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ 'ਤੇ ਆਧਾਰਤ ਫ਼ਿਲਮ ਸਿਨੇਮਾ ਘਰਾਂ ਵਿਚ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ। ਕਾਫੀ ਵਿਵਾਦਾਂ ਤੋਂ ਬਾਅਦ ਫ਼ਿਲਮ ਨੂੰ ਪਿਛਲੇ ਹਫਤੇ ਹੀ ਰਿਲੀਜ਼ ਕੀਤਾ ਗਿਆ ਹੈ ਪਰ ਦਰਸ਼ਕ ਫ਼ਿਲਮ ਦੇਖਣ ਵਿਚ ਦਿਲਚਸਪੀ ਨਹੀਂ ਲੈ ਰਹੇ। ਫ਼ਿਲਮ ਦੀ ਰਿਲੀਜ਼ ਨੂੰ ਪੰਜ ਦਿਨ ਬੀਤ ਗਏ ਹਨ ਪਰ ਹਾਲੇ ਤੱਕ ਫ਼ਿਲਮ ਸਿਰਫ 14 ਕਰੋੜ ਰੁਪਏ ਹੀ ਕਮਾ ਸਕੀ ਹੈ। 
ਪਹਿਲੇ ਦਿਨ ਫ਼ਿਲਮ ਨੇ 2.88 ਕਰੋੜ ਰੁਪਏ, ਦੂਜੇ ਦਿਨ 3.76,  ਤੀਜੇ ਦਿਨ 5.12 ਜਦ ਕਿ ਚੌਥੇ ਦਿਨ ਸਿਰਫ 2.41 ਕਰੋੜ ਰੁਪਏ ਹੀ ਕਮਾਏ। ਕੁਲ ਮਿਲਾ ਕੇ 14.17 ਕਰੋੜ ਰੁਪਏ ਦੀ ਕਮਾਈ  ਕੀਤੀ ਹੈ। ਦੱਸ ਦੇਈਏ ਕਿ ਫ਼ਿਲਮ 1200 ਪਰਦਿਆਂ 'ਤੇ ਰਿਲੀਜ਼ ਕੀਤੀ ਗਈ ਹੈ। ਇਸ ਫ਼ਿਲਮ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਭੂਮਿਕਾ ਅਦਾਕਾਰ ਵਿਵੇਕ ਓਬਰਾਏ ਨੇ ਨਿਭਾਈ ਹੈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਪਨ ਤੋਂ ਲੈ ਕੇ ਚਾਹ ਵੇਚਣ ਤੇ ਪ੍ਰਧਾਨ ਮੰਤਰੀ ਬਣਨ ਤੱਕ ਦਾ ਸਫਰ ਦਿਖਾਇਆ ਗਿਆ ਹੈ। ਇਸ ਫ਼ਿਲਮ ਵਿਚ ਵਿਵੇਕ ਓਬਰਾਏ ਤੋਂ ਇਲਾਵਾ ਬੋਮਨ ਇਰਾਨੀ, ਦਰਸ਼ਨ ਕੁਮਾਰ, ਵਹੀਦਾ ਰਹਿਮਾਨ, ਮਨੋਜ ਜੋਸ਼ੀ ਤੇ ਬਰਖਾ ਬਿਸ਼ਟ ਸੇਨਗੁਪਤਾ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ।

ਹੋਰ ਖਬਰਾਂ »