ਲਖਨਊ, 9 ਜੂਨ (ਵਿਸ਼ੇਸ਼ ਪ੍ਰਤੀਨਿਧ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਯਾਨਾਥ ਵਿਰੁੱਧ ਇਤਰਾਜ਼ਯੋਗ ਟਿੱਪਣੀ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਸੂਬਾ ਪੁਲਿਸ ਨੇ ਇਕ ਨਿਊਜ਼ ਚੈਨਲ ਦੀ ਐਮ.ਡੀ. ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਹਜ਼ਰਤਗੰਜ ਥਾਣੇ ਦੇ ਇੰਚਾਰਜ ਰਾਧਾਰਮਨ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਫ਼ਰੀਲਾਂਸ ਪੱਤਰਕਾਰ ਪ੍ਰਸ਼ਾਂਤ ਜਗਦੀਸ਼ ਕਨੌਜੀਆ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਦਿਤੇ ਗਏ ਸਨ। ਪੁਲਿਸ ਨੇ ਸ਼ਨਿੱਚਰਵਾਰ ਬਾਅਦ ਦੁਪਹਿਰ ਪ੍ਰਸ਼ਾਂਤ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ। ਪ੍ਰਸ਼ਾਂਤ ਨੇ ਬੀਤੀ 6 ਜੂਨ ਨੂੰ ਆਪਣੇ ਟਵਿਟਰ ਹੈਂਡਲ 'ਤੇ 'ਇਸ਼ਕ ਛੁਪਤਾ ਨਹੀਂ ਛੁਪਾਨੇ ਸੇ ਯੋਗੀ ਜੀ' ਸਿਰਲੇਖ ਵਾਲੀ ਇਕ ਟਿੱਪਣੀ ਕੀਤੀ ਸੀ। ਇਸ ਦੇ ਨਾਲ ਹੀ ਇਕ ਵੀਡੀਉ ਅਪਲੋਡ ਕਰ ਦਿਤੀ ਜਿਸ ਵਿਚ ਇਕ ਮੁਟਿਆਰ ਮੁੱਖ ਮੰਤਰੀ ਦਫ਼ਤਰ ਦੇ ਬਾਹਰ ਖੜ•ੀ ਹੋ ਕੇ ਖ਼ੁਦ ਨੂੰ ਯੋਗੀ ਆਦਿਤਯਨਾਥ ਦੀ ਪ੍ਰੇਮਿਕਾ ਦੱਸ ਰਹੀ ਹੈ। ਦੂਜੇ ਮਾਮਲੇ ਵਿਚ ਨੋਇਡਾ ਪੁਲਿਸ ਨੇ ਸੈਕਟਰ 65 ਸਥਿਤ ਇਕ ਨਿਊਜ਼ ਚੈਨਲ ਦੀ ਐਮ.ਡੀ. ਇਸ਼ਿਕਾ ਸਿੰਘ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ। ਐਸ.ਐਸ.ਪੀ. ਵੈਭਵ ਕ੍ਰਿਸ਼ਨ ਨੇ ਦੱਸਿਆ ਕਿ 6 ਜੂਨ ਨੂੰ ਚੈਨਲ ਦੇ ਦਫ਼ਤਰ ਵਿਚ ਇਕ ਡਿਬੇਟ ਕਰਵਾਈ ਗਈ ਜਿਸ ਦਾ ਸਿਰਲੇਖ ਸੀ, ''ਕਾਨਪੁਰ ਦੀ ਮਹਿਲਾ ਨਾਲ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਦਾ ਰਿਸ਼ਤਾ ਹੈ ਜਾਂ ਨਹੀਂ?'' ਐਸ.ਐਸ.ਪੀ. ਨੇ ਦੱਸਿਆ ਕਿ ਮੁੱਖ ਮੰਤਰੀ ਵਿਰੁੱਧ ਬਗ਼ੈਰ ਪੜਤਾਲ ਗਲਤ ਖਬਰ ਚਲਾਉਣ ਦੇ ਮਾਮਲੇ ਤਹਿਤ ਨੋਇਡਾ ਕੋਤਵਾਲੀ ਫ਼ੇਜ਼-3 ਵਿਚ ਕੇਸ ਦਰਜ ਕੀਤਾ ਗਿਆ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.